SRH vs DC Match: ਨਵੀਂ ਦਿੱਲੀ: ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੀ 100 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਲੀ ਕੈਪਿਟਲਸ ਨੂੰ 88 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ । ਇਸ ਜਿੱਤ ਨਾਲ ਹੈਦਰਾਬਾਦ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਰਿਹਾ । ਇਸ ਦੇ ਨਾਲ ਹੀ ਦਿੱਲੀ ਨੂੰ ਪਲੇਆਫ ਵਿੱਚ ਆਪਣੀ ਜਗ੍ਹਾ ਪੱਕਾ ਕਰਨ ਲਈ ਹੈਦਰਾਬਾਦ ‘ਤੇ ਜਿੱਤ ਦੀ ਜ਼ਰੂਰਤ ਸੀ, ਪਰ ਇਸ ਹਾਰ ਨੇ ਉਸ ਦਾ ਇੰਤਜ਼ਾਰ ਹੋਰ ਵਧਾ ਦਿੱਤਾ ਹੈ । ਉਹ ਦੂਜੇ ਤੋਂ ਤੀਜੇ ਨੰਬਰ ‘ਤੇ ਖਿਸਕ ਗਈ ਹੈ।
ਇਸ ਮੁਕਾਬਲੇ ਵਿੱਚ ਹੈਦਰਾਬਾਦ ਨੇ ਦਿੱਲੀ ਸਾਹਮਣੇ 220 ਦੌੜਾਂ ਦਾ ਵਿਸ਼ਾਲ ਸਕੋਰ ਰੱਖਿਆ ਅਤੇ ਇਸ ਵੱਡੇ ਸਕੋਰ ਦੇ ਅੱਗੇ ਦਿੱਲੀ ਨੇ ਗੋਡੇ ਟੇਕ ਦਿੱਤੇ । ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਡੇਵਿਡ ਵਾਰਨਰ ਦੀ ਟੀਮ ਨੇ ਨਿਰਧਾਰਤ ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਦਿੱਲੀ 131 ਦੌੜਾਂ ‘ਤੇ ਢੇਰ ਹੋ ਗਈ। ਇਸ ਮੁਕਾਬਲੇ ਵਿੱਚ ਵਾਰਨਰ ਨੇ 34 ਗੇਂਦਾਂ ‘ਤੇ 66 ਦੌੜਾਂ ਬਣਾਈਆਂ ਅਤੇ ਸਾਹਾ ਨੇ 45 ਗੇਂਦਾਂ ਵਿੱਚ 87 ਦੌੜਾਂ ਦੀ ਪਾਰੀ ਖੇਡੀ। ਰਾਸ਼ਿਦ ਖਾਨ ਨੇ 7 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ।
ਉਥੇ ਹੀ ਦੂਜੇ ਪਾਸੇ ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਤੇ ਪਾਰੀ ਦੀ ਤੀਜੀ ਗੇਂਦ ‘ਤੇ ਨੋਰਕਿਆ ਨੇ ਸ਼ਿਖਰ ਧਵਨ ਨੂੰ ਆਊਟ ਕਰ ਕੇ ਦਿੱਲੀ ਨੂੰ ਪਹਿਲਾ ਝਟਕਾ ਦਿੱਤਾ । ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਦਿੱਲੀ ਹਾਲੇ ਧਵਨ ਦੇ ਝਟਕੇ ਤੋਂ ਉਭਰ ਨਹੀਂ ਸਕੀ ਸੀ ਕਿ ਬਾਅਦ ਸੰਦੀਪ ਸ਼ਰਮਾ ਨੇ ਮਾਰਕਸ ਸਟੋਨੀਸ ਨੂੰ ਆਊਟ ਕਰ ਦਿੱਤਾ ਅਤੇ ਦਿੱਲੀ ਨੂੰ 14 ਦੌੜਾਂ ‘ਤੇ ਦੂਜਾ ਝਟਕਾ ਦੇ ਦਿੱਤਾ। ਇਸ ਤੋਂ ਬਾਅਦ ਰਹਾਣੇ ਅਤੇ ਸ਼ਿਮਰੋਨ ਹੇਟਮਾਇਰ ਦਰਮਿਆਨ ਇੱਕ ਚੰਗੀ ਸਾਂਝੇਦਾਰੀ ਬਣਦੀ ਆ ਰਹੀ ਸੀ ਕਿ ਰਾਸ਼ਿਦ ਖਾਨ ਨੇ ਆਪਣੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਹੇਟਮਾਇਰ ਨੂੰ ਬੋਲਡ ਕਰ ਦਿੱਤਾ।
ਉਸੇ ਓਵਰ ਦੀ ਪੰਜਵੀਂ ਗੇਂਦ ‘ਤੇ ਰਾਸ਼ਿਦ ਨੇ 26 ਦੇ ਨਿੱਜੀ ਸਕੋਰ ‘ਤੇ ਰਹਾਣੇ ਨੂੰ LBW ਕਰ ਕੇ ਦਿੱਲੀ ਨੂੰ 55 ਦੌੜਾਂ ‘ਤੇ ਚੌਥਾ ਝਟਕਾ ਦਿੱਤਾ । ਦਿੱਲੀ ਨੂੰ ਆਪਣਾ ਪੰਜਵਾਂ ਝਟਕਾ ਸ਼੍ਰੇਅਸ ਅਈਅਰ ਦੇ ਤੌਰ ‘ਤੇ 78 ਦੌੜਾਂ’ ਤੇ ਲੱਗਿਆ । ਅਈਅਰ 7 ਦੌੜਾਂ ਬਣਾ ਕੇ ਪਵੇਲੀਅਨ ਵਾਪਸ ਪਰਤ ਗਏ । ਹਾਲਾਂਕਿ ਇਸ ਤੋਂ ਬਾਅਦ ਰਿਸ਼ਭ ਪੰਤ ਇੱਕ ਸਿਰੇ ‘ਤੇ ਰਹੇ, ਪਰ ਦੂਜੇ ਸਿਰੇ ‘ਤੇ ਉਨ੍ਹਾਂ ਨੂੰ ਸਾਥ ਨਹੀਂ ਮਿਲ ਸਕਿਆ ਅਤੇ ਅਕਸ਼ਰ ਪਟੇਲ, ਕਗੀਸਾ ਰਬਾਡਾ ਇੱਕ-ਇੱਕ ਕਰ ਕੇ ਆਊਟ ਹੋ ਗਏ । ਸੰਦੀਪ ਸ਼ਰਮਾ ਨੇ ਪੰਤ ਨੂੰ 36 ਦੌੜਾਂ ‘ਤੇ ਆਊਟ ਕਰ ਕੇ ਦਿੱਲੀ ਨੂੰ 8ਵਾਂ ਝਟਕਾ ਦਿੱਤਾ। ਇਸ ਤੋਂ ਬਾਅਦ ਅਸ਼ਵਿਨ 7 ਅਤੇ ਨੋਰਕੀਆ 1 ਦੌੜਾਂ ਬਣਾ ਕੇ ਆਊਟ ਹੋ ਗਏ। ਤੁਸ਼ਾਰ ਦੇਸ਼ਪਾਂਡੇ 20 ਦੌੜਾਂ ਬਣਾ ਕੇ ਨਾਬਾਦ ਰਹੇ।
ਦਰਅਸਲ , ਇਸ ਮੁਕਾਬਲੇ ਵਿੱਚ ਕਪਤਾਨ ਡੇਵਿਡ ਵਾਰਨਰ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ ਅਤੇ ਟਾਸ ਹਾਰਨ ਤੋਂ ਬਾਅਦ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ, ਜਿਸਦਾ ਫਾਇਦਾ ਵਾਰਨਰ ਅਤੇ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਨੇ ਲਿਆ । ਦੋਵਾਂ ਨੇ ਵਧੀਆ ਬੱਲੇਬਾਜ਼ੀ ਕੀਤੀ । ਵਾਰਨਰ ਅਤੇ ਸਾਹਾ ਦੇ ਸਾਹਮਣੇ ਦਿੱਲੀ ਦੇ ਗੇਂਦਬਾਜ਼ ਬੇਵੱਸ ਨਜ਼ਰ ਆਏ । ਪਹਿਲੇ ਹੀ ਓਵਰ ਤੋਂ ਦੋਵੇਂ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਹੈਦਰਾਬਾਦ ਨੇ 6 ਓਵਰਾਂ ਦੀ ਪਾਵਰਪਲੇਅ ਵਿੱਚ ਬਿਨ੍ਹਾਂ ਕੋਈ ਵਿਕਟ ਗਵਾਏ 77 ਦੌੜਾਂ ਬਣਾਈਆਂ । ਇਹ ਆਈਪੀਐਲ 2020 ਵਿੱਚ ਪਾਵਰਪਲੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਰਾਜਸਥਾਨ ਰਾਇਲਜ਼ ਦੇ ਨਾਮ ਸੀ । ਉਸਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਇੱਕ ਵਿਕਟ ਲਈ 69 ਦੌੜਾਂ ਬਣਾਈਆਂ ਸਨ ।
ਵਾਰਨਰ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ 25 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ । ਉਨ੍ਹਾਂ ਸਾਹਾ ਨਾਲ 100 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸ ਸਾਂਝੇਦਾਰੀ ਨੂੰ 10ਵੇਂ ਓਵਰ ਦੀ ਚੌਥੀ ਗੇਂਦ ‘ਤੇ ਅਕਸ਼ਰ ਨੇ ਵਾਰਨਰ ਨੂੰ ਆਊਟ ਕਰ ਕੇ ਤੋੜ ਦਿੱਤਾ । ਵਾਰਨਰ 34 ਗੇਂਦਾਂ ਵਿੱਚ 66 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ । 107 ਦੌੜਾਂ ਦੇ ਪਹਿਲੇ ਝਟਕੇ ਤੋਂ ਬਾਅਦ ਸਾਹਾ ਨੇ ਮਨੀਸ਼ ਪਾਂਡੇ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਅਤੇ ਪਾਰੀ ਨੂੰ 170 ਦੌੜਾਂ ‘ਤੇ ਪਹੁੰਚਾ ਦਿੱਤਾ ।