SRH vs MI Match: ਸਨਰਾਈਜ਼ਰਜ਼ ਹੈਦਰਾਬਾਦ ਨੇ ਡੇਵਿਡ ਵਾਰਨਰ ਅਤੇ ਰਿਧੀਮਾਨ ਸਾਹਾ ਦੀ ਪਾਰੀ ਦੀ ਬਦੌਲਤ ਆਈਪੀਐਲ ਦੇ ਇਸ ਸੀਜ਼ਨ ਦੇ ਆਖਰੀ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਪਲੇਆਫ ਵਿੱਚ ਥਾਂ ਬਣਾਈ ਹੈ । ਹੈਦਰਾਬਾਦ ਦੀ ਜਿੱਤ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ। ਪਲੇਅਆਫ ਵਿੱਚ ਪਹਿਲਾਂ ਆਪਣੀ ਜਗ੍ਹਾ ਬਣਾ ਚੁੱਕੀ ਮੁੰਬਈ ਦੀ ਟੀਮ ਲਈ ਇਹ ਮੁਕਾਬਲਾ ਕੁਆਲੀਫਾਇਰ ਤੋਂ ਪਹਿਲਾਂ ਇੱਕ ਅਭਿਆਸ ਸੀ, ਉੱਥੇ ਹੀ ਹੈਦਰਾਬਾਦ ਲਈ ਪਲੇਅਆਫ ਵਿੱਚ ਜਗ੍ਹਾ ਬਣਾਉਣ ਦਾ ਆਖਰੀ ਮੌਕਾ ਸੀ, ਜਿਸਦਾ ਫਾਇਦਾ ਚੁੱਕਦਿਆਂ ਹੋਇਆਂ ਵਾਰਨਰ ਦੀ ਹੈਦਰਾਬਾਦਨੇ 10 ਵਿਕਟਾਂ ਨਾਲ ਜਿੱਤ ਹਾਸਿਲ ਕਰ ਕੇ ਖੁਦ ਦਾ ਸਫ਼ਰ ਜਲਦੀ ਖਤਮ ਬਚਾ ਲਿਆ।
ਦਰਅਸਲ, ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਹੈਦਰਾਬਾਦ ਦੇ ਹਮਲੇ ਦੇ ਅੱਗੇ ਢੇਰ ਹੋ ਗਈ ਅਤੇ ਤਹਿ ਕੀਤੇ ਓਵਰਾਂ ਵਿੱਚ ਸਿਰਫ 149 ਦੌੜਾਂ ਹੀ ਬਣ ਸਕੀ । ਹੈਦਰਾਬਾਦ ਨੇ ਜਿੱਤ ਲਈ 150 ਦੌੜਾਂ ਦਾ ਟੀਚਾ 17 ਗੇਂਦਾਂ ਰਹਿੰਦਿਆਂ ਹੀ ਹਾਸਿਲ ਕਰ ਲਿਆ ।
ਵਾਰਨਰ ਤੇ ਸਾਹਾ ਦੀ ਵਧੀਆ ਪਾਰੀ
150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਾਰਨਰ ਅਤੇ ਸਾਹਾ ਨੇ ਹੈਦਰਾਬਾਦ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ । ਵਾਰਨਰ ਅਤੇ ਸਾਹਾ ਨੇ ਦੋਵੇਂ ਸਿਰੇ ਤੋਂ ਵਧੀਆ ਬੱਲੇਬਾਜ਼ੀ ਕੀਤੀ ਅਤੇਸੈਂਕੜੇ ਦੀ ਸਾਂਝੇਦਾਰੀ ਕਰ ਕੇ ਹੈਦਰਾਬਾਦ ਨੂੰ ਵੱਡੇ ਫਰਕ ਨਾਲ ਜਿੱਤ ਦਿਵਾਈ । ਦੋਵਾਂ ਵਿਚਾਲੇ 151 ਦੌੜਾਂ ਦੀ ਅਟੁੱਟ ਸਾਂਝੇਦਾਰੀ ਹੋਈ । ਵਾਰਨਰ ਨੇ 57 ਗੇਂਦਾਂ ਵਿੱਚ ਨਾਬਾਦ 81 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਨੇ 9 ਚੌਕੇ ਅਤੇ ਇੱਕ ਛੱਕਾ ਲਗਾਇਆ। ਇਸ ਦੇ ਨਾਲ ਹੀ ਸਾਹਾ ਨੇ 45 ਗੇਂਦਾਂ ਵਿੱਚ 58 ਦੌੜਾਂ ਬਣਾਈਆਂ, ਜਿਸ ਵਿੱਚ ਉਸਨੇ 7 ਚੌਕੇ ਅਤੇ ਇੱਕ ਛੱਕਾ ਲਗਾਇਆ । ਵਾਰਨਰ ਨੇ 18ਵੇਂ ਓਵਰ ਵਿੱਚ ਰਾਹੁਲ ਚਾਹਰ ਦੀ ਪਹਿਲੀ ਗੇਂਦ ’ਤੇ ਜੇਤੂ ਚੌਕਾ ਜੜਿਆ । ਇਸ ਵੱਡੀ ਜਿੱਤ ਨਾਲ ਹੈਦਰਾਬਾਦ ਪੁਆਇੰਟ ਟੇਬਲ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।
ਕਮਾਲ ਨਹੀਂ ਕਰ ਪਾਏ ਰੋਹਿਤ
ਇਸ ਮੁਕਾਬਲੇ ਵਿੱਚ ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨੇ ਮੁੰਬਈ ਇੰਡੀਅਨਜ਼ ਨੂੰ ਅੱਠ ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ‘ਤੇ ਹੀ ਰੋਕ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਦੀ ਟੀਮ ਵਿੱਚ ਵਾਪਸੀ ਕੀਤੀ, ਹਾਲਾਂਕਿ ਉਹ ਬੱਲੇਬਾਜ਼ੀ ਵਿੱਚ ਕੋਈ ਵੱਡਾ ਕਮਾਲ ਨਹੀਂ ਕਰ ਸਕੇ ਅਤੇ ਚਾਰ ਦੌੜਾਂ ਬਣਾ ਕੇ ਸੰਦੀਪ ਦਾ ਪਹਿਲਾ ਸ਼ਿਕਾਰ ਬਣੇ । ਡਿਕੌਕ ਨੇ ਪੰਜਵੇਂ ਓਵਰ ਵਿੱਚ ਸੰਦੀਪ ਨੂੰ ਦੋ ਛੱਕੇ ਅਤੇ ਇੱਕ ਚੌਕਾ ਲਗਾਇਆ ਪਰ ਅਗਲੀ ਗੇਂਦ ‘ਤੇ ਬੋਲਡ ਹੋ ਗਿਆ । ਉਸਨੇ 13 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਸੂਰਯਕੁਮਾਰ ਯਾਦਵ ਨੇ 29 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 36 ਦੌੜਾਂ ਜੋੜੀਆਂ, ਜਦੋਂ ਕਿ ਈਸ਼ਾਨ ਕਿਸ਼ਨ ਨੇ 30 ਗੇਂਦਾਂ ਵਿੱਚ 33 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਚੌਕਾ ਅਤੇ ਦੋ ਛੱਕੇ ਸ਼ਾਮਿਲ ਸਨ । ਉਸ ਨੂੰ ਸੰਦੀਪ ਨੇ ਬੋਲਡ ਕੀਤਾ।
ਪੋਲਾਰਡ ਨੇ ਬਚਾਈ ਇੱਜ਼ਤ
ਕ੍ਰੂਨਲ ਪਾਂਡਿਆ ਬਿਨ੍ਹਾਂ ਖਾਤਾ ਖੋਲ੍ਹੇ ਹੀ ਕੇਨ ਨਦੀਮ ਦੀ ਗੇਂਦ ‘ਤੇ ਕੇਨ ਵਿਲੀਅਮਸਨ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਜੇਕਰ ਪੋਲਾਰਡ ਨੇ 25 ਗੇਂਦਾਂ ਵਿੱਚ 41 ਦੌੜਾਂ ਨਾ ਬਣਾਈਆਂ ਹੁੰਦੀਆਂ ਤਾਂ ਮੁੰਬਈ ਦੀ ਹਾਲਤ ਹੋਰ ਖਰਾਬ ਹੋਣੀ ਸੀ । ਦੱਸ ਦੇਈਏ ਕਿ ਪੋਲਾਰਡ ਨੇ 19ਵੇਂ ਓਵਰ ਵਿੱਚ ਟੀ.ਨਟਰਾਜਨ ਨੂੰ ਲਗਾਤਾਰ ਤਿੰਨ ਛੱਕੇ ਲਗਾ ਕੇ ਮੁੰਬਈ ਨੂੰ ਇੱਕ ਸਨਮਾਨਯੋਗ ਸਕੋਰ ‘ਤੇ ਪਹੁੰਚਾਇਆ।