Suresh Raina seeks action: ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਹੈ। ਦਰਅਸਲ, 19 ਅਗਸਤ ਨੂੰ ਪਠਾਨਕੋਟ ਵਿੱਚ ਸੁਰੇਸ਼ ਰੈਨਾ ਦੀ ਭੂਆ ਦੇ ਘਰ ਹਮਲਾ ਹੋਇਆ ਸੀ। ਦੱਸ ਦਈਏ ਕਿ 19 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ।
ਇਸ ਹਮਲੇ ਤੋਂ ਬਾਅਦ ਰੈਨਾ ਦੀ ਭੂਆ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ। ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ । ਰੈਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ । ਇਸ ਘਟਨਾ ਤੋਂ ਬਾਅਦ ਸੁਰੇਸ਼ ਰੈਨਾ ਨੇ ਦੋ ਟਵੀਟ ਕੀਤੇ ਹਨ।
ਸੁਰੇਸ਼ ਰੈਨਾ ਨੇ ਟਵੀਟ ਕਰਦਿਆਂ ਲਿਖਿਆ, ‘ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਕਾਫ਼ੀ ਭਿਆਨਕ ਸੀ। ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੂਆ ਅਤੇ ਮੇਰੇ ਦੋ ਚਚੇਰੇ ਭਰਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ । ਬਦਕਿਸਮਤੀ ਨਾਲ ਮੇਰਾ ਚਚੇਰਾ ਭਰਾ ਵੀ ਕੱਲ ਰਾਤ ਜਿੰਦਗੀ ਨਾਲ ਜੰਗ ਲੜਦਿਆਂ ਹਾਰ ਗਿਆ। ਮੇਰੀ ਭੂਆ ਅਜੇ ਵੀ ਬਹੁਤ ਨਾਜ਼ੁਕ ਸਥਿਤੀ ਵਿੱਚ ਹਨ ਤੇ ਵੈਂਟੀਲੇਟਰ ‘ਤੇ ਹਨ।
ਸੁਰੇਸ਼ ਰੈਨਾ ਨੇ ਅੱਗੇ ਟਵੀਟ ਕਰਦਿਆਂ ਲਿਖਿਆ, ‘ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਸ ਰਾਤ ਕੀ ਹੋਇਆ ਅਤੇ ਕਿਸਨੇ ਕੀਤਾ । ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਨੂੰ ਵੇਖਿਆ ਜਾਵੇ । ਅਸੀਂ ਘੱਟੋ-ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸਨੇ ਇਹ ਘਿਣਾਉਣਾ ਕੰਮ ਕੀਤਾ। ਉਨ੍ਹਾਂ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ।