Suresh Raina Wants MS Dhoni: IPL ਸੀਜ਼ਨ 13 ਤੋਂ ਸੁਰੇਸ਼ ਰੈਨਾ ਦੇ ਬਾਹਰ ਹੋਣ ਦੇ ਬਾਅਦ ਚੇੱਨਈ ਸੁਪਰ ਕਿੰਗਜ਼ ਦੀ ਬੱਲੇਬਾਜ਼ੀ ਦੀ ਪੂਰਾ ਜ਼ਿੰਮੇਵਾਰੀ ਹੁਣ ਮਹਿੰਦਰ ਸਿੰਘ ਧੋਨੀ ਦੇ ਮੋਢਿਆਂ ‘ਤੇ ਆ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਬਿਨ੍ਹਾਂ ਕਿਸੇ ਦਬਾਅ ਦੇ ਆਈਪੀਐਲ 2020 ਵਿੱਚ ਧਮਾਕਾ ਕਰਨ ਲਈ ਤਿਆਰ ਹਨ। IPL ਤੋਂ ਸੁਰੇਸ਼ ਰੈਨਾ ਦੇ ਹਟਣ ਦੇ ਨਾਲ ਹੀ ਚੇੱਨਈ ਸੁਪਰ ਕਿੰਗਜ਼ ਵਿੱਚ ਨੰਬਰ 3 ਦਾ ਬੱਲੇਬਾਜ਼ੀ ਆਰਡਰ ਖਾਲੀ ਹੋ ਗਿਆ ਹੈ। ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਧੋਨੀ ਨੂੰ ਖੁਦ ਨੰਬਰ 3 ‘ਤੇ ਬੱਲੇਬਾਜ਼ੀ ਕਰਨ ਉਤਰਨਾ ਚਾਹੀਦਾ ਹੈ।

ਦੱਸ ਦੇਈਏ ਕਿ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਨੇ ਪਿਛਲੇ IPL ਸੀਜ਼ਨ ਵਿੱਚ 15 ਮੈਚਾਂ ਵਿੱਚ 83.20 ਦੀ ਔਸਤ ਨਾਲ 416 ਦੌੜਾਂ ਬਣਾਈਆਂ ਸਨ, ਜਿਸ ਵਿੱਚ 3 ਅਰਧ ਸੈਂਕੜੇ ਸ਼ਾਮਿਲ ਸਨ। ਇਸ ਦੌਰਾਨ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ ਨਾਬਾਦ 84 ਰਿਹਾ।

ਦਰਅਸਲ, ਸੁਰੇਸ਼ ਰੈਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਧੋਨੀ ਨੂੰ 3 ਨੰਬਰ ‘ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਜੇਕਰ ਧੋਨੀ ਇਸ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹਨ ਤਾਂ ਇਹ ਚੇੱਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕ੍ਰਮ ਵਿੱਚ ਸੰਤੁਲਨ ਲਿਆਏਗਾ। ਇਸ ਤੋਂ ਅੱਗੇ ਸੁਰੇਸ਼ ਰੈਨਾ ਨੇ ਕਿਹਾ, ‘ਅਸੀਂ 2005 ਵਿੱਚ ਵਿਸ਼ਾਖਾਪਟਨਮ ਵਨਡੇ ਮੈਚ ਵਿੱਚ ਧੋਨੀ ਦੀ ਪਾਕਿਸਤਾਨ ਖਿਲਾਫ 148 ਦੌੜਾਂ ਦੀ ਪਾਰੀ ਨੂੰ ਕਿਵੇਂ ਭੁੱਲ ਸਕਦੇ ਹਾਂ। ਇਹ ਬੱਲੇਬਾਜ਼ੀ ਦੀ ਬਹੁਤ ਮਹੱਤਵਪੂਰਨ ਸਥਿਤੀ ਹੈ। ਰੈਨਾ ਨੇ ਕਿਹਾ ਕਿ ਧੋਨੀ ਨੇ ਫਿਨਿਸ਼ਰ ਦੀ ਭੂਮਿਕਾ ਵਿੱਚ ਆਉਣ ਤੋਂ ਪਹਿਲਾਂ ਟੀਮ ਲਈ ਇਸ ਨੰਬਰ ‘ਤੇ ਬਹੁਤ ਵਧੀਆ ਪਾਰੀਆਂ ਖੇਡੀਆਂ ਹਨ ।






















