tendulkar wants maruti 800 car back: ਕ੍ਰਿਕਟ ਇਤਿਹਾਸ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁੱਝ ਹਾਸਿਲ ਕੀਤਾ ਪਰ ਉਹ ਅਜੇ ਵੀ ਇੱਕ ਖਾਸ ਚੀਜ਼ ਦੀ ਭਾਲ ‘ਚ ਹਨ। ਸਚਿਨ ਤੇਂਦੁਲਕਰ, ਜਿਨ੍ਹਾਂ ਕੋਲ ਇੱਕ ਤੋਂ ਇੱਕ ਮਹਿੰਗੀਆਂ ਕਾਰਾਂ ਹਨ, ਉਹ ਇੱਕ ਕਾਰ ਦੀ ਭਾਲ ਕਰ ਰਹੇ ਹਨ ਜੋ ਕਿ ਹੁਣ ਮਾਰਕੀਟ ‘ਚ ਉਪਲੱਬਧ ਨਹੀਂ ਹੈ। ਇਹ ‘ਵਿੰਟੇਜ ਕਾਰ’ ਨਹੀਂ ਹੈ, ਬਲਕਿ ਇੱਕ ਸਮੇਂ ‘ਚ ਭਾਰਤੀ ਸੜਕਾਂ ‘ਤੇ ਸਭ ਤੋਂ ਵੱਧ ਚੱਲਣ ਵਾਲੀ ਅਤੇ ਸਭ ਤੋਂ ਪ੍ਰਸਿੱਧ ਕਾਰ ਮਾਰੂਤੀ ਸੁਜ਼ੂਕੀ 800 ਹੈ। ਦਰਅਸਲ, ਇਹ ਮਾਰੂਤੀ 800 ਵੀ ਕੋਈ ਮਾਮੂਲੀ ਕਾਰ ਨਹੀਂ ਹੈ, ਬਲਕਿ ਇਹ ਸਚਿਨ ਦੀ ਪਹਿਲੀ ਕਾਰ ਸੀ।
ਇੱਕ ਇੰਟਰਵਿਊ ‘ਚ ਸਚਿਨ ਨੇ ਕਿਹਾ ਕਿ ਉਹ ਆਪਣੀ ਪਹਿਲੀ ਕਾਰ ਮਾਰੂਤੀ 800 ਵਾਪਿਸ ਲੈਣਾ ਚਾਹੁੰਦਾ ਹੈ, ਕਿਉਂਕਿ ਕ੍ਰਿਕਟਰ ਬਣਨ ਤੋਂ ਬਾਅਦ, ਉਸਨੇ ਆਪਣੀ ਕਮਾਈ ਨਾਲ ਪਹਿਲੀ ਵਾਰ ਇਸ ਨੂੰ ਖਰੀਦਿਆ ਸੀ। ਇਸ ਨੂੰ ਵਾਪਿਸ ਲੈਣ ਲਈ ਸਚਿਨ ਹੁਣ ਦੇਸ਼ ਦੇ ਲੋਕਾਂ ਦੀ ਮਦਦ ਮੰਗ ਰਹੇ ਹਨ। ਇੰਟਰਵਿਊ ਵਿੱਚ ਇਸ ਬਾਰੇ ਗੱਲ ਕਰਦਿਆਂ ਸਚਿਨ ਨੇ ਕਿਹਾ, “ਮੇਰੀ ਪਹਿਲੀ ਕਾਰ ਮਾਰੂਤੀ 800 ਸੀ। ਬਦਕਿਸਮਤੀ ਨਾਲ ਹੁਣ ਉਹ ਮੇਰੇ ਕੋਲ ਨਹੀਂ ਹੈ। ਮੈਂ ਦੁਬਾਰਾ ਵਾਪਿਸ ਲੈਣਾ ਚਾਹਾਂਗਾ ਇਸ ਲਈ ਜੋ ਲੋਕ ਮੇਰੀ ਗੱਲ ਸੁਣ ਰਹੇ ਹਨ, ਬਿਨਾਂ ਚਿੰਤਾ ਦੇ ਮੇਰੇ ਨਾਲ ਸੰਪਰਕ ਕਰਨ।” ਸਚਿਨ ਨੇ ਕਿਹਾ ਕਿ ਬਚਪਨ ਤੋਂ ਹੀ ਵਾਹਨਾਂ ਪ੍ਰਤੀ ਉਸ ਦਾ ਪਿਆਰ ਵੱਧਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਸ ਦੇ ਘਰ ਨੇੜੇ ਇੱਕ ਸਿਨੇਮਾ ਹਾਲ ਸੀ, ਜਿੱਥੇ ਲੋਕ ਉਨ੍ਹਾਂ ਦੇ ਮਹਿੰਗੇ ਵਾਹਨਾਂ ਵਿੱਚ ਆਉਂਦੇ ਸਨ। ਸਚਿਨ ਨੇ ਦੱਸਿਆ ਕਿ ਉਹ ਕਈ ਘੰਟੇ ਆਪਣੇ ਭਰਾ ਨਾਲ ਬਾਲਕੋਨੀ ‘ਚ ਖੜ੍ਹਾ ਰਹਿੰਦਾ ਸੀ ਅਤੇ ਉਹ ਵਾਹਨ ਦੇਖਦਾ ਸੀ।