Virat Kohli becomes first Indian: ਨਵੀਂ ਦਿੱਲੀ: ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਕ ਵੱਡੀ ਪ੍ਰਾਪਤੀ ਦਰਜ ਕੀਤੀ ਹੈ । ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦੇ ਖਿਲਾਫ ਖੇਡਦਿਆਂ ਵਿਰਾਟ ਨੇ 39 ਗੇਂਦਾਂ ਵਿੱਚ 43 ਦੌੜਾਂ ਬਣਾਈਆਂ । ਭਾਰਤੀ ਕਪਤਾਨ ਇਸ ਮੈਚ ਵਿੱਚ 10 ਦੌੜਾਂ ਬਣਾਉਣ ਤੋਂ ਬਾਅਦ ਟੀ -20 ਕ੍ਰਿਕਟ ਵਿੱਚ 9000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ । ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਪਹਿਲੇ ਤਿੰਨ ਮੈਚਾਂ ਵਿੱਚ ਮਾੜਾ ਪ੍ਰਦਰਸ਼ਨ ਕਰਨ ਵਾਲੇ ਵਿਰਾਟ ਹੁਣ ਆਪਣੇ ਰੰਗਾਂ ਵਿੱਚ ਪਰਤਦੇ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਉਸਨੇ ਰਾਜਸਥਾਨ ਰਾਇਲਜ਼ ਖਿਲਾਫ ਨਾਬਾਦ 72 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਈ ਸੀ ।
ਦਿੱਲੀ ਖਿਲਾਫ਼ ਵਿਰਾਟ ਕੋਹਲੀ ਨੇ ਚੌਥੇ ਓਵਰ ਦੀ ਪਹਿਲੀ ਗੇਂਦ ‘ਤੇ ਹਰਸ਼ਲ ਪਟੇਲ ਨੂੰ ਨਿਸ਼ਾਨਾ ਬਣਾਇਆ ਅਤੇ 10 ਦੌੜਾਂ ਦਾ ਨਿੱਜੀ ਸਕੋਰ ਬਣਾਇਆ । ਇਸਦੇ ਨਾਲ ਹੀ ਵਿਰਾਟ ਕੋਹਲੀ ਨੇ 9000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ । ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ । ਕੋਹਲੀ ਨੇ 182 ਮੈਚਾਂ ਵਿੱਚ 37.72 ਦੀ ਔਸਤ ਅਤੇ 130.99 ਦੀ ਸਟ੍ਰਾਈਕ ਰੇਟ ਨਾਲ 5545 ਦੌੜਾਂ ਬਣਾਈਆਂ ਹਨ।
ਦਰਅਸਲ, ਵਿਰਾਟ ਕੋਹਲੀ ਟੀ-20 ਕ੍ਰਿਕਟ ਵਿੱਚ 9000 ਦੌੜਾਂ ਪੂਰੀਆਂ ਕਰਨ ਵਾਲਾ ਸੱਤਵਾਂ ਬੱਲੇਬਾਜ਼ ਹੈ । ਵਿਰਾਟ ਕੋਹਲੀ ਤੋਂ ਪਹਿਲਾਂ ਕ੍ਰਿਸ ਗੇਲ (13296), ਕੀਰੋਨ ਪੋਲਾਰਡ (10345), ਸ਼ੋਏਬ ਮਲਿਕ (9926), ਬ੍ਰੈਂਡਨ ਮੈਕੁਲਮ (9922), ਡੇਵਿਡ ਵਾਰਨਰ (9451) ਅਤੇ ਐਰੋਨ ਫਿੰਚ (9161) ਇਸ ਸੂਚੀ ਵਿੱਚ ਸ਼ਾਮਿਲ ਹਨ। ਵਿਰਾਟ ਕੋਹਲੀ ਨੇ 271 ਪਾਰੀਆਂ ਵਿੱਚ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਦੌਰਾਨ ਉਸ ਦੇ ਨਾਮ 5 ਸੈਂਕੜੇ ਅਤੇ 65 ਅਰਧ-ਸੈਂਕੜੇ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਆਈਪੀਐਲ ਵਿੱਚ 5 ਸੈਂਕੜੇ ਅਤੇ 37 ਅਰਧ ਸੈਂਕੜੇ ਲਗਾਏ ਹਨ । ਆਈਪੀਐਲ ਵਿੱਚ ਉਸਨੇ 193 ਛੱਕੇ ਅਤੇ 489 ਚੌਕੇ ਲਗਾਏ ਹਨ।