ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਖਿਲਾਫ ਮੈਚ ਖੇਡਣ ਵਿੱਚ ਰੁੱਝੀ ਹੋਈ ਹੈ। ਵੈਸਟਇੰਡੀਜ਼ ਦਾ ਦੌਰਾ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਆਇਰਲੈਂਡ ਜਾਣਾ ਹੈ, ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਹ ਟੀ-20 ਮੈਚ 18, 20 ਅਤੇ 23 ਅਗਸਤ ਨੂੰ ਡਬਲਿਨ ਵਿੱਚ ਹੋਣਗੇ । ਹੁਣ ਆਇਰਲੈਂਡ ਦੌਰੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਵੀਵੀਐਸ ਲਕਸ਼ਮਣ ਆਇਰਲੈਂਡ ਦੌਰੇ ‘ਤੇ ਭਾਰਤੀ ਟੀਮ ਦੇ ਮੁੱਖ ਕੋਚ ਹੋਣਗੇ। ਜਦਕਿ ਰੈਗੂਲਰ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਵਿਕਰਮ ਰਾਠੌਰ (ਬੱਲੇਬਾਜ਼ੀ ਕੋਚ), ਪਾਰਸ ਮਹਾਮਬਰੇ (ਗੇਂਦਬਾਜ਼ੀ ਕੋਚ) ਨੂੰ ਆਗਾਮੀ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਦੇ ਮੱਦੇਨਜ਼ਰ ਆਰਾਮ ਦਿੱਤਾ ਜਾਵੇਗਾ ।
ਆਇਰਲੈਂਡ ਦੌਰੇ ‘ਤੇ ਸਿਤਾਂਸ਼ੂ ਕੋਟਕ ਅਤੇ ਰਿਸ਼ੀਕੇਸ਼ ਕਨਿਤਕਰ ਵਿੱਚੋਂ ਕਿਸੇ ਇੱਕ ਨੂੰ ਬੈਟਿੰਗ ਕੋਚ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸਾਈਰਾਜ ਬਹੁਤੁਲੇ ਅਤੇ ਟਰੌਏ ਕੂਲੀ ਵਿੱਚੋਂ ਕੋਈ ਇੱਕ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾ ਸਕਦਾ ਹੈ । ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਵੀਵੀਐਸ ਲਕਸ਼ਮਣ ਪਿਛਲੇ ਸਾਲ ਆਇਰਲੈਂਡ ਅਤੇ ਨਿਊਜ਼ੀਲੈਂਡ ਦੌਰੇ ਉੱਤੇ ਮੁੱਖ ਕੋਚ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਦੱਸ ਦੇਈਏ ਕਿ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਮੀਦ ਹੈ ਕਿ ਸਿਰਫ ਹਾਰਦਿਕ ਪੰਡਯਾ ਹੀ ਟੀਮ ਦੀ ਅਗਵਾਈ ਕਰਨਗੇ। ਮੁੱਖ ਚੋਣਕਾਰ ਅਜੀਤ ਅਗਰਕਰ ਦੀ ਦ੍ਰਾਵਿੜ ਅਤੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨਾਲ ਗੱਲਬਾਤ ਤੋਂ ਬਾਅਦ ਟੀਮ ਦੀ ਚੋਣ ਕੀਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਰਕਰ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਦੌਰਾਨ ਭਾਰਤੀ ਟੀਮ ਨਾਲ ਜੁੜ ਸਕਦੇ ਹਨ। ਚੋਣ ਕਮੇਟੀ ਦੇ ਮੈਂਬਰ ਸਲਿਲ ਅੰਕੋਲਾ ਪਹਿਲਾਂ ਤੋਂ ਹੀ ਟੀਮ ਦੇ ਨਾਲ ਹਨ।
ਵੀਡੀਓ ਲਈ ਕਲਿੱਕ ਕਰੋ -: