ਪੱਛਮੀ ਗੜਬੜੀ ਕਾਰਨ ਪੰਜਾਬ ਵਿੱਚ ਹਾਲਾਤ ਆਮ ਵਾਂਗ ਹੋ ਗਏ ਹਨ। ਐਤਵਾਰ ਸਵੇਰੇ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸ਼ਨੀਵਾਰ ਸ਼ਾਮ ਨੂੰ ਵੀ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 0.9 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 12 ਜੂਨ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਲੂ ਮੁੜ ਜ਼ੋਰ ਫੜ ਲਵੇਗੀ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਅੱਜ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਦੋ ਇਲਾਕਿਆਂ ਬਠਿੰਡਾ ਅਤੇ ਮਾਨਸਾ ਵਿੱਚ ਹੀਟ ਵੇਵ ਅਲਰਟ ਹੈ। ਇੱਥੇ ਤਾਪਮਾਨ 45 ਡਿਗਰੀ ਤੱਕ ਪਹੁੰਚ ਸਕਦਾ ਹੈ। ਜਦੋਂਕਿ ਬੀਤੀ ਸ਼ਾਮ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਘੱਟ ਦਰਜ ਕੀਤਾ ਗਿਆ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਗੜਬੜੀ ਸਰਗਰਮ ਸੀ, ਜਿਸ ਕਾਰਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਜੋ 49 ਡਿਗਰੀ ਤੱਕ ਪਹੁੰਚ ਗਿਆ ਸੀ।
ਪਰ ਹੁਣ ਪੱਛਮੀ ਗੜਬੜੀ ਦਾ ਪ੍ਰਭਾਵ ਘੱਟ ਰਿਹਾ ਹੈ। ਜਿਸ ਕਾਰਨ ਹੁਣ ਹੌਲੀ-ਹੌਲੀ ਪੰਜਾਬ ਦੇ ਸਾਰੇ ਜ਼ਿਲ੍ਹੇ ਹੀਟਵੇਵ ਦੇ ਸੰਪਰਕ ਵਿੱਚ ਆਉਣਗੇ। ਬਠਿੰਡਾ ਅਤੇ ਮਾਨਸਾ ਦੀ ਤਰ੍ਹਾਂ 10 ਜੂਨ ਨੂੰ ਫਾਜ਼ਿਲਕਾ ਅਤੇ ਮੁਕਤਸਰ ‘ਚ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ 11 ਜੂਨ ਨੂੰ ਪੂਰੇ ਪੱਛਮੀ ਮਾਲਵੇ ਵਿੱਚ ਹੀਟ ਵੇਵ ਦਾ ਅਸਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਕੰਗਨਾ ਥੱਪ/ੜ ਮਾਮਲਾ, CISF ਜਵਾਨ ਦੇ ਹੱਕ ‘ਚ ਬੋਲੇ ਸੁਖਬੀਰ ਬਾਦਲ, ‘ਕੁਲਵਿੰਦਰ ਕੌਰ ਨੇ ਜੋ ਕੀਤਾ…’
12 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ, 12 ਜੂਨ ਤੱਕ ਪੰਜਾਬ ਵਿੱਚ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ। ਉਥੇ ਹੀ ਅੱਜ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ,ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 39-41 ਡਿਗਰੀ ਪਹੁੰਚਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: