ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕਰਨ ਸਬੰਧੀ ਐਲਾਨ ਕੀਤਾ ਗਿਆ ਹੈ। ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਪੰਜਾਬ ਦੇ ਸਮੂਹ ਮੁਲਾਜ਼ਮ ਆਪ ਸਰਕਾਰ ਵੱਲੋਂ 2022 ਵਿਧਾਨ ਸਭਾ ਚੋਣਾਂ ਦੌਰਾਨ ਮੈਨੀਫੈਸਟੋ ਵਿੱਚ ਦਰਸਾਏ ਗਏ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਦੀਵਾਲੀ ਤੋਹਫੇ ਵਜੋਂ ਮਿਲੇ 6 ਪ੍ਰਤੀਸ਼ਤ ਡੀ.ਏ. ਵਾਧੇ ਲਈ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਸੂਬਾ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰੈਸ ਮੀਡੀਆ ਰਾਹੀ ਮੁੱਖ ਮੰਤਰੀ ਸਾਹਿਬ ਦਾ ਧਿਆਨ ਇੱਕ ਹੋਰ ਵਾਅਦੇ ਵੱਲ ਦਿਵਾਉਣਾ ਚਾਹੁੰਦੇ ਹਨ ਜੋਕਿ ਉਹਨਾਂ ਨੇ ਇਸ ਸਾਲ ਭਰਤੀ ਹੋਣ ਵਾਲੇ 1090 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਵੇਲੇ ਕੀਤਾ ਸੀ। ਉਦੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਪਟਵਾਰੀਆਂ ਦੀ ਟਰੇਨਿੰਗ ਡੇਢ ਸਾਲ ਦੀ ਬਜਾਏ ਇੱਕ ਸਾਲ ਕੀਤੀ ਜਾਵੇਗੀ ਤੇ ਇਸ ਨੂੰ ਸਰਵਿਸ ਦਾ ਹਿੱਸਾ ਮੰਨਿਆ ਜਾਵੇਗਾ ਅਤੇ ਇਹ ਫੈਸਲਾ 2016 ਬੈਚ ਵਿੱਚ ਭਰਤੀ 1227 ਪਟਵਾਰੀਆਂ ਤੋਂ ਲਾਗੂ ਹੋਵੇਗਾ।
ਉਹਨਾਂ ਜ਼ਿਕਰ ਕੀਤਾ ਕਿ ਸਾਰਿਆਂ ਮਹਿਕਮਿਆਂ ਵਿੱਚੋਂ ਸਿਰਫ ਪਟਵਾਰੀ ਹੀ ਇੱਕ ਅਜਿਹੀ ਪੋਸਟ ਹੈ, ਜਿਸਦੀ ਡੇਢ ਸਾਲ ਦੀ ਟਰੇਨਿੰਗ ਹੈ ਅਤੇ ਇਸ ਨੂੰ ਸਰਵਿਸ ਦਾ ਹਿੱਸਾ ਨਹੀਂ ਮੰਨਿਆ ਜਾਂਦਾ, ਜਿਸ ਕਰਕੇ 3 ਸਾਲ ਦੇ ਪਰਖ ਕਾਲ ਨੂੰ ਜੋੜ ਕੇ ਪਟਵਾਰੀਆਂ ਦਾ ਪਰੋਬੇਸ਼ਨ ਪੀਰੀਅਡ ਪੂਰੇ ਸਾਢੇ ਚਾਰ ਸਾਲ ਦਾ ਬਣ ਜਾਂਦਾ ਹੈ।
ਇਹ ਵੀ ਪੜ੍ਹੋ : CM ਮਾਨ ਦੇ ਘਰ ਬਾਹਰ ਧਰਨੇ ਤੋਂ ਆਈ ਮੰਦਭਾਗੀ ਖ਼ਬਰ, ਘਰ ਪਰਤਦਿਆਂ ਕਿਸਾਨ ਦੀ ਹੋਈ ਮੌਤ
ਉਹਨਾਂ ਦੱਸਿਆ ਕਿ ਸਾਲ 2016 ਬੈਚ ਵਿੱਚ ਭਰਤੀ 1227 ਪਟਵਾਰੀਆਂ ਵਿੱਚ ਲਗਭਗ 400 ਪਟਵਾਰੀ ਇਸ ਲੰਮੇ ਪਰੋਬੇਸ਼ਨ ਪੀਰੀਅਡ ਕਰਕੇ ਇਹ ਨੌਕਰੀ ਛੱਡ ਗਏ ਸਨ ਅਤੇ ਹੁਣ 1090 ਬੈਚ ਵਿੱਚੋਂ ਵੀ ਜ਼ਿਆਦਾਤਰ ਨੌਜਵਾਨ ਇਸ ਨੌਕਰੀ ਨੂੰ ਛੱਡ ਕੇ ਕਿਸੇ ਘੱਟ ਪਰੋਬੇਸ਼ਨ ਸਮੇਂ ਵਾਲੀ ਨੌਕਰੀ ਲੱਭ ਰਹੇ ਹਨ। ਉਹਨਾਂ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਪਟਵਾਰੀਆਂ ਦੀਆਂ ਲਗਭਗ 3000 ਪੋਸਟਾਂ ਖਾਲੀ ਹਨ।
ਉਨ੍ਹਾਂ ਕਿਹਾ ਕਿ ਪਟਵਾਰੀ ਦੀ ਪੋਸਟ ਇੱਕ ਅਹਿਮ ਪੋਸਟ ਹੈ। ਪੰਜਾਬ ਸਰਕਾਰ ਨੂੰ ਇਸ ਪੋਸਟ ਤੇ ਠੇਕੇ ‘ਤੇ ਰਿਟਾਇਰਡ ਪਟਵਾਰੀਆਂ ਨੂੰ ਭਰਤੀ ਕਰਨਾ ਬੰਦ ਕਰਕੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਉਹ ਵਿਦੇਸ਼ ਜਾਣ ਦੀ ਸਲਾਹ ਤਿਆਗ ਦੇਣ ਤੇ ਨਸ਼ਿਆਂ ਦੇ ਦਲ-ਦਲ ਤੋਂ ਵੀ ਬਚੇ ਰਹਿਣ।
ਵੀਡੀਓ ਲਈ ਕਲਿੱਕ ਕਰੋ -: