ਫਗਵਾੜਾ ‘ਚ ਬੇਅਦਬੀ ਦੇ ਸ਼ੱਕ ‘ਚ ਹੋਏ ਕਤਲ ਦੇ ਮਾਮਲੇ ‘ਚ ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਮੰਗਲਵਾਰ ਤੜਕੇ ਉਹ 24 ਘੰਟਿਆਂ ‘ਚ ਇਸ ਕਤਲਕਾਂਡ ਦੀ ਪੂਰੀ ਜਾਣਕਾਰੀ ਦੇਣਗੇ। ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਰਮਨਦੀਪ ਸਿੰਘ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ ਪਰ ਉਸ ਖ਼ਿਲਾਫ਼ ਇਹ ਪਹਿਲਾ ਕਤਲ ਦਾ ਕੇਸ ਹੈ।
ਉਨ੍ਹਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਹੋਈ। ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਬੇਅਦਬੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਦੋਸ਼ੀ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਸ ਪੂਰੀ ਘਟਨਾ ਦੀ ਡਿਜੀਟਲ ਸਬੂਤਾਂ ਸਮੇਤ ਹਰ ਪਹਿਲੂ ‘ਤੇ ਬਾਰੀਕੀ ਨਾਲ ਜਾਂਚ ਕਰੇਗੀ।
ਏਡੀਜੀਪੀ ਨੇ ਕਿਹਾ ਕਿ ਹਰ ਤੱਥ ਦੀ ਜਾਂਚ ਕਰਕੇ ਜਲਦੀ ਹੀ ਮ੍ਰਿਤਕ ਦੀ ਪਛਾਣ ਕਰ ਲਈ ਜਾਵੇਗੀ। ਪੁਲਿਸ ਮ੍ਰਿਤਕ ਦੀ ਪਛਾਣ ਕਰਨ ਦੇ ਕਰੀਬ ਪਹੁੰਚ ਗਈ ਹੈ। ਮੰਗਲਵਾਰ ਨੂੰ ਫਗਵਾੜਾ ਐਸਪੀ ਦੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਏਡੀਜੀਪੀ ਢਿੱਲੋਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਅਤੇ ਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
ਇਸ ਦੌਰਾਨ ਡੀਆਈਜੀ ਜਲੰਧਰ ਰੇਂਜ ਸ. ਭੂਪਤੀ ਦੀ ਦੇਖ-ਰੇਖ ਹੇਠ ਇਕ ਟੀਮ ਵੀ ਬਣਾਈ ਗਈ ਹੈ। ਐਸ.ਪੀ.ਫਗਵਾੜਾ ਨੂੰ ਵੱਖਰੀ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰੇਗੀ ਅਤੇ ਲੋੜ ਪੈਣ ’ਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਵੀ ਲਏਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਆਸ ਹੈ ਕਿ ਜਲਦੀ ਹੀ ਇਸ ਦੀ ਪਛਾਣ ਹੋ ਜਾਵੇਗੀ। ਮ੍ਰਿਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ : ਦ.ਮ ਘੁਟਣ ਨਾਲ ਪਤੀ-ਪਤਨੀ ਦੀ ਮੌ.ਤ, ਕਮਰੇ ‘ਚੋਂ ਮਿਲਿਆ ਬਲਿਆ ਕੋਲਾ
ਏਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਕਤਲ ਦੀ ਧਾਰਾ ਵੀ ਜੋੜੀ ਜਾ ਸਕਦੀ ਹੈ। ਡੀਜੀਪੀ ਗੌਰਵ ਯਾਦਵ ਖੁਦ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਪੁਲਿਸ ਮੈਰਿਟ ਦੇ ਆਧਾਰ ‘ਤੇ ਜਾਂਚ ਕਰਕੇ ਕਾਰਵਾਈ ਕਰੇਗੀ। ਪੁਲਿਸ ਵਲੋਂ ਤਿੰਨ ਘੰਟੇ ਤੱਕ ਨਿਹੰਗ ਸਿੰਘਾਂ ਦੀ ਹਿਰਾਸਤ ਵਿਚੋਂ ਮ੍ਰਿਤਕ ਨੂੰ ਬਚਾਉਣ ਵਿਚ ਨਾਕਾਮ ਰਹਿਣ ਦੇ ਸਵਾਲ ‘ਤੇ ਏ.ਡੀ.ਜੀ.ਪੀ. ਢਿੱਲੋਂ ਨੇ ਮੰਨਿਆ ਕਿ ਪਹਿਲਾਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਪੁਲਿਸ ਕਿਸੇ ਦੀ ਜਾਨ ਬਚਾਉਣ ‘ਚ ਨਾਕਾਮ ਰਹੀ ਹੈ ਪਰ ਇਸ ਮਾਮਲੇ ਸੁਲਝਾਉਣ ਵਿੱਚ ਲੱਗੀ ਟੀਮ ਤੋਂ ਲਾਈਨ ਆਫ ਐਕਸ਼ਨ ਜਾਣਿਆ ਗਿਆ ਤਾਂ ਧਾਰਮਿਕ ਮਰਿਆਦਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਪੁਲਿਸ ਨੇ ਚੰਗਾ ਕੰਮ ਕੀਤਾ, ਜਿਸ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਭਗ ਨਾਹੋਵੇ। ਪੁਲਿਸ ਟੀਮ ਨੇ ਵਧੀਆ ਢੰਗ ਨਾਲ ਮਾਮਲੇ ਨੂੰ ਸੁਲਝਾਉਣ ਵਿੱਚ ਭੂਮਿਕਾ ਨਿਭਾਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”