ਲੁਧਿਆਣਾ ‘ਚ ਮਾਂ ਬਣਨ ਵਾਲੀ ਔਰਤ ਦੀ ਕੁੱਖ ‘ਚ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੇ ਮਾਪਿਆਂ ਨੇ ਉਸ ਦੇ ਸਹੁਰੇ ਵਾਲਿਆਂ ‘ਤੇ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਕਰਨ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਜਵਾਈ ਦੀਆਂ ਭੈਣਾਂ ਅਤੇ ਮਾਂ ਅਕਸਰ ਵਿਦੇਸ਼ ਤੋਂ ਫੋਨ ਕਰਕੇ ਉਨ੍ਹਾਂ ਦੀ ਧੀ ਨੂੰ ਵਿਆਹ ਤੋਂ ਤੁਰੰਤ ਬਾਅਦ ਬੱਚਾ ਨਾ ਹੋਣ ਦਾ ਮਿਹਣਾ ਮਾਰਦੇ ਸਨ।
ਜਦੋਂ ਵਿਆਹੁਤਾ ਔਰਤ ਗਰਭਵਤੀ ਹੋਈ ਤਾਂ ਪਤਾ ਲੱਗਾ ਕਿ ਉਹ ਜੌੜੇ ਬੱਚਿਆਂ ਨੂੰ ਜਨਮ ਦੇਵੇਗੀ। ਇਹ ਪਤਾ ਲੱਗਣ ‘ਤੇ ਕਿ ਉਹ ਜੌੜੇ ਕੁੜੀਆਂ ਤੋਂ ਗਰਭਵਤੀ ਹੈ, ਉਸ ਦੀ ਸੱਸ ਨੇ ਉਸ ਨੂੰ ਮਿਹਣੇ ਮਾਰੇ ਕਿ ਜੇ ਕੁੜੀਆਂ ਪੈਦਾ ਹੋਈਆਂ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਵਿਆਹੁਤਾ ਸੰਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਸੰਦੀਪ ਕੌਰ ਦਾ ਵਿਆਹ ਪਿਛਲੇ ਸਾਲ 5 ਮਈ ਨੂੰ ਪਿੰਡ ਗੁੱਜਰਵਾਲ ਦੇ ਰਾਜਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਸੰਦੀਪ ਕੌਰ ਦੀ ਸੱਸ ਵਿਦੇਸ਼ ਚਲੀ ਗਈ। ਉਸ ਦੇ ਸਹੁਰੇ ਵਾਲੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲੱਗੇ। ਇਸ ਸਬੰਧੀ ਪੰਚਾਇਤ ਵਿੱਚ ਫੈਸਲਾ ਵੀ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਨੂੰ ਮੁੜ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ।
ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਵਿਆਹ ਨੂੰ ਅਜੇ ਦੋ ਮਹੀਨੇ ਹੀ ਹੋਏ ਸਨ ਜਦੋਂ ਉਸ ਦੀ ਨਨਾਣ ਅਤੇ ਸੱਸ ਨੇ ਉਸ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਉਹ ਜਾਣਬੁੱਝ ਕੇ ਬੱਚੇ ਨੂੰ ਜਨਮ ਨਹੀਂ ਦੇ ਰਹੀ ਕਿਉਂਕਿ ਉਸ ਨੇ ਉਨ੍ਹਾਂ ਦੇ ਮੁੰਡੇ ਛੱਡਣਾ ਹੈ। ਜਿਸ ਤੋਂ ਬਾਅਦ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਲੜਕੀ ਗਰਭਵਤੀ ਹੋ ਗਈ। ਡਾਕਟਰਾਂ ਨੇ ਸਹੁਰਿਆਂ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਜੌੜੇ ਬੱਚੇ ਵਧ ਰਹੇ ਹਨ। ਫਿਰ ਉਸ ਦੀ ਵਿਦੇਸ਼ ਰਹਿੰਦੀ ਸੱਸ ਅਤੇ ਨਨਾਣ ਦੋਵੇਂ ਉਸ ਨੂੰ ਫਿਰ ਤੋਂ ਧਮਕੀਆਂ ਦੇਣ ਲੱਗ ਪਈਆਂ ਕਿ ਜੇਕਰ ਕੁੜੀ ਪੈਦਾ ਹੋਈ ਤਾਂ ਉਹ ਉਸ ਨੂੰ ਘਰੋਂ ਕੱਢ ਦੇਣਗੇ। ਕੁਝ ਸਮਾਂ ਪਹਿਲਾਂ ਧੀ ਦੀ ਸੱਸ ਅਤੇ ਨਨਾਣ ਭਾਰਤ ਪਰਤ ਆਏ ਸਨ।
ਪਰਮਜੀਤ ਮੁਤਾਬਕ 3 ਫਰਵਰੀ ਨੂੰ ਉਸ ਦੀ ਕੁੜੀ ਨੂੰ ਫਿਰ ਕੁੱਟਿਆ ਗਿਆ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੀ। ਉਸ ਦਾ ਪੰਡੋਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਹੁਣ ਉਸ ਦੀ ਧੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
18 ਮਾਰਚ ਨੂੰ ਉਸਨੂੰ ਦੁਬਾਰਾ ਪੇਟ ਵਿੱਚ ਦਰਦ ਹੋਇਆ ਅਤੇ ਅਲਟਰਾਸਾਊਂਡ ਤੋਂ ਪਤਾ ਲੱਗਿਆ ਕਿ ਇੱਕ ਗਰਭ ਵਿਚ ਪਲ ਰਹੀ ਧੀ ਦੀ ਮੌਤ ਹੋ ਗਈ ਸੀ। ਦੁਜੀ ਬੱਚੀ ਦੀ ਜਾਨ ਬਚਾਉਣ ਲਈ ਤੁਰੰਤ 7ਵੇਂ ਮਹੀਨੇ ਇੱਕ ਬੱਚੀ ਦੀ ਡਿਲੀਵਰੀ ਕਰਵਾ ਕੇ ਨਰਸਰੀ ਵਿੱਚ ਰੱਖਿਆ ਗਿਆ। ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਸਹੁਰੇ ਵਾਲਿਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਦੋਵੇਂ ਨਨਾਣਾਂ ਵਿਦੇਸ ਚਲੀਆਂ ਗਈਆਂ ਹਨ ਜਦਕਿ ਸੱਸ ਭਾਰਤ ‘ਚ ਹੀ ਹੈ।
ਇਹ ਵੀ ਪੜ੍ਹੋ : ਸਾਵਧਾਨ! ਪੈਣ ਵਾਲੀ ਏ ਭਿਆ.ਨਕ ਗਰਮੀ, 5 ਦਿਨਾਂ ਤੱਕ ਹੀਟਵੇਵ ਦੀ ਚਿਤਾਵਨੀ
ਇਸ ਮਾਮਲੇ ਵਿੱਚ ਫੋਰੈਂਸਿਕ ਮਾਹਿਰ ਡਾਕਟਰ ਚਰਨਕੰਵਲ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਵਿਸੇਰਾ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ‘ਤੇ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਗਰਭ ਅਵਸਥਾ ਦੌਰਾਨ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਨਹੀਂ ਦਿੱਤੀ ਜਾਣੀ ਚਾਹੀਦੀ।
ਇਸ ਮਾਮਲੇ ‘ਚ ਥਾਣਾ ਜੋਧਾਂ ਦੇ ਏ.ਐਸ.ਆਈ ਬਲਵਿੰਦਰ ਸਿੰਘ ਦੇ ਮੁਤਾਬਕ ਦੋਸ਼ੀ ਸੱਸ ਕਰਮਜੀਤ ਕੌਰ, ਸਹੁਰਾ ਜਗਪਾਲ ਸਿੰਘ ਅਤੇ ਪਤੀ ਰਾਜਦੀਪ ਸਿੰਘ ਗਰੇਵਾਲ ਦੇ ਖਿਲਾਫ ਧਾਰਾ 498-ਏ, 323, 506 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: