ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਗੜ੍ਹੀਮਾਨਸੋਵਾਲ ਵਿੱਚ ਬੁੱਧਵਾਰ ਸਵੇਰੇ 5.30 ਵਜੇ ਦੇ ਕਰੀਬ ਵੱਡਾ ਹਾਦਸਾ ਵਾਪਰ ਗਿਆ। ਇੱਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਸਾਰਿਆਂ ਨੂੰ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਹ ਸਾਰੇ ਸ਼ਰਧਾਲੂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਦਲ ਦੇ ਰਹਿਣ ਵਾਲੇ ਹਨ। ਵਿਸਾਖੀ ਮੌਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।
ਅੱਜ ਸਵੇਰੇ ਕਰੀਬ ਸਾਢੇ 5 ਵਜੇ ਅਚਾਨਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਗੜ੍ਹੀਮਾਨਸੋਵਾਲ ਦੇ ਪਹਾੜੀ ਇਲਾਕੇ ਵਿੱਚ ਖਾਈ ਵਿੱਚ ਜਾ ਡਿੱਗੀ। ਹਾਦਸੇ ਵਿੱਚ ਜਸਵੀਰ ਸਿੰਘ ਉਰਫ ਜੱਸੀ (27), ਹੈਰੀ (15) ਅਤੇ ਸਦਾ ਬਾਬਾ (65) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਸੁਖਦੀਪ ਸਿੰਘ, ਪਵਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਵਿਜੇ ਕੁਮਾਰ, ਅਵਤਾਰ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਰਸ਼, ਵਰਸ਼ ਅਤੇ ਜੀਤੀ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ 7 ਵਿਅਕਤੀਆਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੁਖਦੀਪ, ਪਵਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਵਿਜੇ ਕੁਮਾਰ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕਿਡਨੀ ਕਾਂਡ ‘ਚ ਵੱਡਾ ਖੁਲਾਸਾ, ਪੁੱਤ ਬਣ ਲੁਧਿਆਣਾ ਦੇ ਬੰਦੇ ਦਾ ਕਰਵਾਇਆ ਟਰਾਂਸਪਲਾਟ, ਮਿਲੇ ਸ਼ੱਕੀ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ, ਨਰੇਸ਼ ਸਿੰਘ, ਸੁਖਦੇਵ ਸਿੰਘ, ਗੁਰਮੇਜ ਸਿੰਘ, ਲਖਬੀਰ ਸਿੰਘ ਸਮੇਤ ਮੌਕੇ ‘ਤੇ ਪਹੁੰਚ ਗਏ। ਥਾਣਾ ਇੰਚਾਰਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨੇ ਟਰਾਲੀ ਦੇ ਪਿੱਛੇ ਪਾਣੀ ਦਾ ਟੈਂਕਰ ਅਤੇ ਉਸ ਦੇ ਪਿੱਛੇ ਜਨਰੇਟਰ ਬੰਨ੍ਹਿਆ ਹੋਇਆ ਸੀ। ਜਿਵੇਂ ਹੀ ਟਰੈਕਟਰ ਟਰਾਲੀ ਪਹਾੜੀ ਤੋਂ ਹੇਠਾਂ ਉਤਰਨ ਲੱਗੀ ਤਾਂ ਪਿੱਛੇ ਤੋਂ ਪਾਣੀ ਦੇ ਟੈਂਕਰ ਅਤੇ ਜਨਰੇਟਰ ਦਾ ਪ੍ਰੈਸ਼ਰ ਟਰੈਕਟਰ ‘ਤੇ ਆ ਗਿਆ। ਇਸ ਕਾਰਨ ਟਰੈਕਟਰ ਬੇਕਾਬੂ ਹੋ ਕੇ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਰਸਤਾ ਬਹੁਤ ਖਤਰਨਾਕ ਹੈ। ਕਈ ਵਾਰ ਇਸ ਤਰ੍ਹਾਂ ਹਾਦਸੇ ਵੀ ਵਾਪਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: