ਭਾਰਤੀ ਰੇਲਵੇ ਦਿਨ-ਬ-ਦਿਨ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰ ਰਿਹਾ ਹੈ। ਵੰਦੇ ਭਾਰਤ ਸਮੇਤ ਕਈ ਨਵੀਆਂ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਯਾਤਰੀਆਂ ਨੂੰ ਆਰਾਮਦਾਇਕ ਸਫਰ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਲੋਕ ਵੀ ਆਪਣੇ ਨਾਲ ਭਾਰੀ ਸਾਮਾਨ ਲੈ ਕੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਤੈਅ ਸੀਮਾ ਦੇ ਅੰਦਰ ਹੀ ਰੇਲਗੱਡੀ ਵਿੱਚ ਸਮਾਨ ਲਿਜਾ ਸਕਦੇ ਹੋ। ਇਸ ਦੇ ਲਈ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਕੋਚ ‘ਚ ਕਿੰਨੇ ਕਿਲੋ ਸਾਮਾਨ ਲਿਜਾਇਆ ਜਾ ਸਕਦਾ ਹੈ। ਜੇਕਰ ਕੋਈ ਤੈਅ ਸੀਮਾ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਰੇਲਵੇ ਨਿਯਮਾਂ ਮੁਤਾਬਕ ਯਾਤਰੀ ਏਸੀ ਫਸਟ ਕਲਾਸ ਵਿੱਚ 70 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫਤ ਵਿੱਚ ਲੈ ਜਾ ਸਕਦੇ ਹਨ, ਜਦੋਂਕਿ ਏਸੀ 2 ਟੀਅਰ ਵਿੱਚ 50 ਕਿਲੋ ਤੱਕ ਦਾ ਸਾਮਾਨ ਲਿਜਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ AC 3 ਟੀਅਰ ਜਾਂ ਚੇਅਰ ਕਾਰ ‘ਚ 40 ਕਿਲੋ ਤੱਕ ਦਾ ਸਾਮਾਨ ਮੁਫਤ ਲੈ ਜਾ ਸਕਦੇ ਹੋ। ਸਲੀਪਰ ਕਲਾਸ ਦੀ ਗੱਲ ਕਰੀਏ ਤਾਂ ਯਾਤਰੀ ਆਪਣੀ ਟਿਕਟ ਦੇ ਨਾਲ 40 ਕਿਲੋ ਤੱਕ ਭਾਰ ਰਖ ਸਕਦੇ ਹਨ। ਸੈਕੰਡ ਵਿੱਚ ਇਹ ਲਿਮਟ 35 ਕਿਲੋਗ੍ਰਾਮ ਹੈ।
ਭਾਰਤੀ ਰੇਲਵੇ ਦੇ ਮੁਤਾਬਕ 100 ਸੈਂਟੀਮੀਟਰ x 60 ਸੈਂਟੀਮੀਟਰ x 25 ਸੈਂਟੀਮੀਟਰ (ਲੰਬਾਈ x ਚੌੜਾਈ x ਉਚਾਈ) ਦੇ ਬਾਹਰੀ ਮਾਪ ਵਾਲੇ ਟਰੰਕ, ਸੂਟਕੇਸ ਅਤੇ ਬਕਸੇ ਨੂੰ ਸਮਾਨ ਦੇ ਤੌਰ ‘ਤੇ ਯਾਤਰੀ ਡੱਬਿਆਂ ਵਿੱਚ ਲਿਜਾਣ ਦੀ ਇਜਾਜ਼ਤ ਹੈ। ਜੇਕਰ ਟਰੰਕਾਂ, ਸੂਟਕੇਸਾਂ ਅਤੇ ਬਕਸਿਆਂ ਦਾ ਮਾਪ ਤੈਅ ਸੀਮਾ ਤੋਂ ਵੱਧ ਹੈ ਤਾਂ ਅਜਿਹੀਆਂ ਵਸਤੂਆਂ ਨੂੰ ਬੁੱਕ ਕੀਤਾ ਜਾਣਾ ਚਾਹੀਦਾ ਹੈ ਅਤੇ ਬ੍ਰੇਕ ਵੈਨ ਵਿੱਚ ਲਿਜਾਣਾ ਚਾਹੀਦਾ ਹੈ ਨਾਕਿ ਯਾਤਰੀ ਡੱਬੇ ਵਿੱਚ।
ਇਹ ਵੀ ਪੜ੍ਹੋ : ਗਰਲਫ੍ਰੈਂਡ ਨਾਲ ਮੌਜ-ਮਸਤੀ ਕਰਦਾ ਫੜਿਆ ਪਤੀ, ਗੁੱਸੇ ‘ਚ ਬੰਦੇ ਨੇ ਪਤਨੀ ਦਾ ਚਾੜ੍ਹ ‘ਤਾ ਕੁਟਾਪਾ
ਇਸ ਤੋਂ ਇਲਾਵਾ ਟਰੰਕ/ਸੂਟਕੇਸ ਦਾ ਵੱਧ ਤੋਂ ਵੱਧ ਆਕਾਰ ਜੋ AC-3 ਟਾਇਰ ਅਤੇ AC ਚੇਅਰ ਕਾਰ ਕੰਪਾਰਟਮੈਂਟ ਵਿੱਚ ਲਿਜਾਇਆ ਜਾ ਸਕਦਾ ਹੈ 55 cm x 45 cm x 22.5 cm ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਟਰੇਨ ‘ਚ ਯਾਤਰੀਆਂ ਨੂੰ ਕਈ ਚੀਜ਼ਾਂ ਲੈ ਕੇ ਜਾਣ ‘ਤੇ ਪਾਬੰਦੀ ਹੈ। ਇਸ ਵਿੱਚ ਕੈਮੀਕਲ, ਪਟਾਕੇ, ਗੈਸ ਸਿਲੰਡਰ, ਤੇਜ਼ਾਬ, ਗਰੀਸ, ਚਮੜਾ ਆਦਿ ਸ਼ਾਮਲ ਹਨ। ਜੇਕਰ ਕੋਈ ਯਾਤਰੀ ਇਨ੍ਹਾਂ ਪਾਬੰਦੀਸ਼ੁਦਾ ਵਸਤੂਆਂ ਨਾਲ ਸਫ਼ਰ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਧਾਰਾ 164 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: