ਭਾਰਤ ਦੇ ਲੋਕਾਂ ਲਈ ਚੰਗੀ ਖਬਰ ਹੈ। ਯੂਕੇ (ਬ੍ਰਿਟੇਨ) ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਤੇ ਪ੍ਰੋਫੈਸ਼ਨਲ ਲੋਕਾਂ ਨੂੰ ਸਸਤੇ ਤੇ ਸੌਖਾ ਵੀਜ਼ਾ ਦੇ ਕੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਉਹ ਭਾਰਤ ਦੇ ਨਾਲ ਮੁਫਤ ਵਪਾਰ ਸਮਝੌਤਾ (FTA) ਕਰਨ ਦੀ ਯੋਜਨਾ ਤਹਿਤ ਉਠਾਏਗਾ।
ਬ੍ਰਿਟੇਨ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਐਨੀ-ਮੈਰੀ ਟ੍ਰੇਵੇਲੀਅਨ ਦੇ ਇਸ ਮਹੀਨੇ ਭਾਰਤ ਆਉਣ ਦੀ ਉਮੀਦ ਹੈ। ਉਨ੍ਹਾਂ ਦੇ ਦੌਰੇ ਦੌਰਾਨ ਭਾਰਤ ਅਤੇ ਬ੍ਰਿਟੇਨ ਦਰਮਿਆਨ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ‘ਤੇ ਰਸਮੀ ਗੱਲਬਾਤ ਸ਼ੁਰੂ ਹੋ ਸਕਦੀ ਹੈ।
ਯੂਕੇ ਦੇ ਇੱਕ ਅਖਬਾਰ ਮੁਤਾਬਕ ਭਾਰਤ ਦੀ ਵੱਡੀ ਮੰਗ ਨੂੰ ਪੂਰਾ ਕਰਦੇ ਹੋਏ ਭਾਰਤੀਆਂ ਲਈ ਇਮੀਗ੍ਰੇਸ਼ਨ ਨਿਯਮਾਂ ‘ਚ ਪ੍ਰਸਤਾਵਿਤ ਢਿੱਲ ਬਾਰੇ ਟ੍ਰੇਵੇਲੀਅਨ ਇਸ ਦੌਰੇ ਦੌਰਾਨ ਵੱਡਾ ਐਲਾਨ ਕਰ ਸਕਦੇ ਹਨ। ਉਨ੍ਹਾਂ ਨੂੰ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟ੍ਰਸ ਦਾ ਸਮਰਥਨ ਹਾਸਲ ਹੈ।
ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਮਈ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਆਪਸੀ MMP ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਇਸ ਵਿਚ ਦੋਵਾਂ ਦੇਸ਼ਾਂ ਦੇ ਲਗਭਗ 3000 ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਸ ਨੂੰ ਇਕ ਸਾਲ ਦਾ ਵੀਜ਼ਾ ਦੇਣ ਦੀ ਵਿਵਸਥਾ ਹੈ, ਤਾਂ ਜੋ ਉਹ ਦੋਵਾਂ ਦੇਸ਼ਾਂ ਵਿਚ ਕੰਮ ਦਾ ਤਜ਼ਰਬਾ ਹਾਸਲ ਕਰ ਸਕਣ। ਇਸ ਸਮਝੌਤੇ ਦੇ ਤਹਿਤ ਦੋਵੇਂ ਧਿਰਾਂ ਵੀਜ਼ੇ ਦੀ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਅਪ੍ਰੈਲ 2022 ਤੱਕ ਲੰਡਨ ਵਿੱਚ ਹਾਈ ਕਮਿਸ਼ਨ ਅਤੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਵਿੱਚ ਇੰਤਜ਼ਾਮ ਕਰਨ ਲਈ ਵੀ ਸਹਿਮਤ ਹੋਈਆਂ ਸਨ।
ਇੱਕ ਹੋਰ ਇਮੀਗ੍ਰੇਸ਼ਨ ਸਕੀਮ ਵੀ ਕੰਮ ਕਰ ਰਹੀ ਹੈ, ਜਿਸ ਵਿੱਚ ਆਸਟ੍ਰੇਲੀਆ ਨਾਲ ਯੂਕੇ ਦੇ ਐੱਫਟੀਏ ਵਰਗੀਆਂ ਵਿਵਸਥਾਵਾਂ ਹੋ ਸਕਦੀਆਂ ਹਨ। ਇਸ ਨਾਲ ਨੌਜਵਾਨ ਭਾਰਤੀਆਂ ਨੂੰ ਤਿੰਨ ਸਾਲਾਂ ਲਈ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਯੂਕੇ ਦੀ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਹੋਰ ਬਦਲ ਵਿਦਿਆਰਥੀਆਂ ਲਈ ਵੀਜ਼ਾ ਫੀਸਾਂ ਵਿੱਚ ਕਟੌਤੀ ਕਰਨਾ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਗ੍ਰੈਜੂਏਟ ਹੋਣ ਤੋਂ ਬਾਅਦ ਕੁਝ ਸਮੇਂ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਵਰਕ ਅਤੇ ਟੂਰਿਜ਼ਮ ਵੀਜ਼ਾ ਫੀਸਾਂ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ। ਮੌਜੂਦਾ ਸਮੇਂ ਇੱਕ ਭਾਰਤੀ ਨਾਗਰਿਕ ਨੂੰ ਵਰਕ ਵੀਜ਼ਾ ਲਈ 1400 ਬ੍ਰਿਟਿਸ਼ ਪੌਂਡ (1.41 ਲੱਖ ਰੁਪਏ ਤੋਂ ਵੱਧ) ਖਰਚ ਕਰਨੇ ਪੈਂਦੇ ਹਨ, ਜਦੋਂਕਿ ਵਿਦਿਆਰਥੀਆਂ ਨੂੰ 348 ਪੌਂਡ (35 ਹਜ਼ਾਰ ਰੁਪਏ) ਅਤੇ ਸੈਲਾਨੀਆਂ ਨੂੰ 95 ਪੌਂਡ (9500 ਰੁਪਏ ਤੋਂ ਵੱਧ) ਖਰਚ ਕਰਨੇ ਪੈਂਦੇ ਹਨ।