ਹਿੰਦੂ ਆਸਥਾ ਦਾ ਸਨਮਾਨ ਕਰਦੇ ਹੋਏ ਅਮਰੀਕੀ ਹਵਾਈ ਫੌਜ ਨੇ ਭਾਰਤੀ ਮੂਲ ਦੇ ਇੱਕ ਹਵਾਈ ਫੌਜੀ ਨੂੰ ਆਪਣੇ ਮੱਥੇ ‘ਤੇ ਤਿਲਕ ਲਾ ਕੇ ਡਿਊਟੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕਾ ਦੇ ਵਿਓਮਿੰਗ ਵਿੱਚ ਇੱਕ ਏਅਰਬੇਸ ‘ਤੇ ਤਾਇਨਾਤ ਦਰਸ਼ਨ ਸ਼ਾਹ ਦੋ ਸਾਲਾਂ ਤੋਂ ਇਸ ਦੀ ਇਜਾਜ਼ਤ ਮੰਗ ਰਹੇ ਸਨ।
ਅਖੀਰ ਸ਼ਾਹ ਨੂੰ ਧਾਰਮਿਕ ਆਧਾਰ ‘ਤੇ ਇਹ ਛੋਟ ਦੇ ਦਿੱਤੀ ਗਈ ਹੈ। ਹੁਣ ਉਹ ਤਿਲਕ ਲਾ ਕੇ ਅਮਰੀਕੀ ਹਵਾਈ ਫੌਜ ਵਿੱਚ ਸੇਵਾਵਾਂ ਦੇਣਗੇ। ਸ਼ਾਹ ਦੀ ਮੰਗ ਦਾ ਆਨਲਾਈਨ ਗਰੁੱਪ ਚੈਟ ਰਾਹੀਂ ਦੁਨੀਆ ਭਰ ਵਿੱਚ ਸਮਰਥਨ ਕੀਤਾ ਜਾ ਰਿਹਾ ਸੀ।
22 ਫਰਵਰੀ 2022 ਨੂੰ ਉਨ੍ਹਾਂ ਨੂੰ ਵਰਦੀ ਦੇ ਨਾਲ ਤਿਲਕ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਸ਼ਾਹ ਨੇ ਕਿਹਾ ਕਿ ਟੈਕਸਾਸ, ਕੈਲੀਫੋਰਨੀਆ, ਨਿਊ ਜਰਸੀ ਤੇ ਨਿਊਯਾਰਕ ਦੇ ਮੇਰੇ ਦੋਸਤ ਮੈਨੂੰ ਤੇ ਮੇਰੇ ਮਾਤਾ-ਪਿਤਾ ਨੂੰ ਸੰਦੇਸ਼ ਭੇਜ ਰਹੇ ਹਨ ਕਿ ਉਹ ਬਹੁਤ ਖੁਸ਼ ਹਨ ਕਿ ਅਮਰੀਕੀ ਫੌਜ ਵਿੱਚ ਅਜਿਹਾ ਕੁਝ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਸ਼ਾਹ ਦਾ ਪਾਲਣ-ਪੋਸ਼ਣ ਮਿਨੇਸੋਟਾ ਦੇ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਇਹ ਪਰਿਵਾਰ ਬੋਚਾਸਨਵਾਸੀ ਅੱਖਰ ਪੁਰੁਸ਼ੋਤਮ ਸਵਾਮੀਨਾਰਾਇਣ ਸੰਸਥਾ ਨਾਲ ਜੁੜਿਆ ਹੈ। ਇਸ ਭਾਈਚਾਰੇ ਦਾ ਪਤੀਕ ਚੰਦਨ ਤਿਲਕ ਹੈ। ਇਹ ਯੂ-ਆਕਾਰ ਦਾ ਹੁੰਦਾ ਹੈ। ਦਰਸ਼ਨ ਸ਼ਾਹ ਜੂਨ 2020 ਵਿੱਚ ਅਮਰੀਕੀ ਫੌਜ ਵਿੱਚ ਬੁਨਿਆਦੀ ਫੌਜ ਟ੍ਰੇਨਿੰਗ ਸ਼ੁਰੂ ਕਰਨ ਤੋਂ ਬਾਅਦ ਵਰਦੀ ਦੇ ਨਾਲ ਤਿਲਕ ਲਾਉਣ ਦੀ ਇਜਾਜ਼ਤ ਮੰਗ ਰਹੇ ਸਨ। ਉਨ੍ਹਾਂ ਹਰ ਮਹੀਨੇ ਇਸ ਦਿਸ਼ਾ ਵਿੱਚ ਅਮਰੀਕੀ ਹਵਾਈ ਫ਼ੌਜ ਦੀ ਗਲੋਬਲ ਸਟ੍ਰਾਈਕ ਕਮਾਂਡ ਨਾਲ ਸੰਪਰਕ ਕੀਤਾ। ਉਹ ਇਸ ਇਜਾਜ਼ਤ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ, ਅਖੀਰ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਗਈ।