ਰੋਪੜ ‘ਚ ਸ਼ਰਾਬ ਦੇ ਠੇਕੇ ਖਿਲਾਫ ਔਰਤਾਂ ਦਾ ਗੁੱਸਾ ਫੁੱਟਿਆ। ਠੇਕਾ ਖੋਲ੍ਹਣ ਲਈ ਹੁਣੇ ਹੀ ਇਥੇ ਇੱਕ ਖੋਖਾ ਲਾਇਆ ਗਿਆ ਸੀ, ਭੜਕੀਆਂ ਔਰਤਾਂ ਨੇ ਖੋਖੇ ਦੀ ਖੂਬ ਭੰਨਤੋੜ ਕੀਤੀ। ਇਸ ਤੋਂ ਬਾਅਦ ਖੋਖੇ ਨੂੰ ਚੁੱਕ ਕੇ ਖੇਤਾਂ ਵਿੱਚ ਸੁੱਟ ਦਿੱਤਾ। ਔਰਤਾਂ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਇਥੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੀਆਂ। ਇਹ ਸ਼ਰਾਬ ਦਾ ਠੇਕਾ ਰੋਪੜ ਵਿੱਚ ਨੂਰਪੁਰ ਬੇਦੀ ਰੋਡ ਸਥਿਤ ਪਿੰਡ ਮੋਠਾਪੁਰ ਖੋਲ੍ਹਿਆ ਜਾ ਰਿਹਾ ਸੀ।
ਪਿੰਡ ਦੀ ਸਰਪੰਚ ਬਲਵਿੰਦਰ ਕੌਰ ਦੀ ਅਗਵਾਈ ਹੇਠ ਔਰਤਾਂ ਨੇ ਇਸ ਦਾ ਵਿਰੋਧ ਕੀਤਾ। ਔਰਤਾਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲ੍ਹਿਆ ਜਾਵੇ। ਇਸ ਦੇ ਬਾਵਜੂਦ ਇੱਥੇ ਠੇਕੇ ਲਈ ਖੋਖਾ ਲਿਆਂਦਾ ਗਿਆ। ਜਦੋਂ ਸਾਡੀ ਗੱਲ ਨਾ ਸੁਣੀ ਗਈ ਤਾਂ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਏ।
ਬਲਵਿੰਦਰ ਕੌਰ ਸਰਪੰਚ, ਗੁਰਮੀਤ ਸਿੰਘ, ਰਜਿੰਦਰ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ’ਤੇ ਪੂਰੇ ਪਿੰਡ ਦੀ ਜ਼ਮੀਨ ਆਉਂਦੀ ਹੈ। ਔਰਤਾਂ ਵੀ ਇੱਥੇ ਕੰਮ ਕਰਨ ਲਈ ਆਉਂਦੀਆਂ ਹਨ ਅਤੇ ਬੱਚੇ ਇਸ ਸੜਕ ਤੋਂ ਪੜ੍ਹਾਈ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹਨ। 4-5 ਦਿਨ ਬਾਅਦ ਵੀ ਜਦੋਂ ਠੇਕੇਦਾਰ ਨੇ ਇਸ ਨੂੰ ਨਹੀਂ ਚੁੱਕਿਆ ਤਾਂ ਉਨ੍ਹਾਂ ਨੇ ਖੁਦ ਹੀ ਇਸ ਨੂੰ ਹਟਾ ਕੇ ਸੁੱਟ ਦਿੱਤਾ।
ਐਕਸਾਈਜ਼ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਵਿੱਚ ਕਾਫੀ ਗੁੱਸਾ ਹੈ, ਜਿਸ ਕਰਕੇ ਇੱਥੇ ਸ਼ਰਾਬ ਦਾ ਠੇਕਾ ਬਣਾਉਣ ਦਾ ਕੰਮ ਰੁਕ ਗਿਆ ਹੈ। ਇੱਥੇ ਸ਼ਰਾਬ ਦਾ ਨਵਾਂ ਠੇਕਾ ਨਹੀਂ ਖੁੱਲ੍ਹੇਗਾ।
ਵੀਡੀਓ ਲਈ ਕਲਿੱਕ ਕਰੋ -: