ਅਮਰੀਕਾ ਤੋਂ ਇੱਕ ਬੇਹੱਦ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਮੂਸੇ ਵਾਲਾ ਦੇ ਵਸਨੀਕ ਸ. ਗੁਰਨਾਮ ਸਿੰਘ ਦੇ ਲਾਡਲੇ ਪੁੱਤਰ ਮਨਦੀਪ ਸਿੰਘ ਦਾ ਅਮਰੀਕਾ ਵਿੱਚ ਇਲਾਜ ਦੌਰਾਨ ਮੌਤ ਹੋਈ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੰਦਭਾਗੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਮਨਦੀਪ ਸਿੰਘ ਕਰੀਬ ਚਾਰ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਅਤੇ ਰੋਜ਼ੀ-ਰੋਟੀ ਦੀ ਖ਼ਾਤਰ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਗਏ ਸਨ। ਉੱਥੇ ਉਹ ਕੈਲੀਫ਼ੋਰਨੀਆ ਵਿੱਚ ਫੂਡ ਡਿਲਿਵਰੀ ਦਾ ਕੰਮ ਕਰ ਰਹੇ ਸਨ। ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਆਟੋ ਤੇ ਈ-ਰਿਕਸ਼ਾ ਚਾਲਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ, ਘੱਟੋ-ਘੱਟ ਕਿਰਾਇਆ 20 ਰੁਪਏ ਵਧਾਉਣ ਦੀ ਮੰਗ
ਪਰਿਵਾਰ ਦਾ ਕਹਿਣਾ ਹੈ ਕਿ ਵਿਦੇਸ਼ ਭੇਜਣ ਲਈ ਲਿਆ ਗਿਆ ਕਰਜ਼ਾ ਅਜੇ ਪੂਰੀ ਤਰ੍ਹਾਂ ਉਤਾਰਿਆ ਵੀ ਨਹੀਂ ਗਿਆ ਸੀ ਕਿ ਇਹ ਦੁੱਖਦਾਈ ਭਾਣਾ ਵਾਪਰ ਗਿਆ। ਇੱਕ ਹੱਸਦੇ-ਖੇਡਦੇ ਨੌਜਵਾਨ ਦੇ ਅਚਾਨਕ ਵਿਛੋੜੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ। ਮਨਦੀਪ ਸਿੰਘ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਹਰ ਸੰਭਵ ਸਹਾਇਤਾ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪੁੱਤਰ ਦੀਆਂ ਆਖ਼ਰੀ ਰਸਮਾਂ ਆਪਣੇ ਹੱਥੀਂ ਨਿਭਾ ਸਕਣ।
ਵੀਡੀਓ ਲਈ ਕਲਿੱਕ ਕਰੋ -:










