ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਰਾਜ ਸਨਮਾਨਾਂ ਸਹਿਤ ਮਿਲਖਾ ਸਿੰਘ ਦਾ ਸਸਕਾਰ ਕੀਤਾ ਜਾਵੇ। ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਸਨਮਾਨ ਵਿਚ ਸ਼ਨੀਵਾਰ ਨੂੰ ਇਕ ਦਿਨ ਦਾ ਰਾਜ ਸੋਗ ਰੱਖਿਆ ਜਾਵੇਗਾ।
ਫਲਾਇੰਗ ਸਿੱਖ ਮਿਲਖਾ ਸਿੰਘ ਬੀਤੀ ਰਾਤ PGIMER ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮਿਲਖਾ ਸਿੰਘ ਮਹਾਨ ਇਨਸਾਨ ਸਨ ਜਿਨ੍ਹਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਾਸਲ ਕੀਤੀ ਸੀ। ਉਨ੍ਹਾਂ ਨੇ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਕਈ ਨਾਮਣਾ ਖੱਟਿਆ ਅਤੇ ਇਸ ਨਾਲ ਹਰ ਦੇਸ਼ ਵਾਸੀ ਖ਼ਾਸ ਕਰਕੇ ਪੰਜਾਬੀਆਂ ਨੂੰ ਉਨ੍ਹਾਂ ‘ਤੇ ਮਾਣ ਹੈ।
ਉਡਣਾ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਓਲੰਪਿਕ ਫਾਈਨਲ ਵਿੱਚ ਪੁੱਜਣ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ। ਉਹ 100 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼, ਭਾਰਤ ਦੇ ਆਈਕੌਨ ਖਿਡਾਰੀ ਸਨ।ਉਨ੍ਹਾਂ 1960 ਦੀਆਂ ਰੋਮ ਓਲੰਪਿਕ ਖੇਡਾਂ ਦੀ 400 ਮੀਟਰ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ।ਉਨ੍ਹਾਂ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ।ਮਿਲਖਾ ਸਿੰਘ ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ।
ਇਹ ਵੀ ਪੜ੍ਹੋ : ਜੈਪਾਲ ਭੁੱਲਰ ਦੇ ਘਰ ਦੇ ਬਾਹਰ ਜਿਲ੍ਹਾ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੋਸਟਰ ਬਣਾ ਕੇ ਚਿਪਕਾਇਆ, ਭਾਰੀ ਪੁਲਿਸ ਫੋਰਸ ਤਾਇਨਾਤ
ਮਿਲਖਾ ਸਿੰਘ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਅਤੇ ਖੇਡ ਪ੍ਰਸ਼ੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਵੀ ਦੇਹਾਂਤ ਹੋ ਗਿਆ ਸੀ ਪਤਨੀ ਦੀ ਮੌਤ ਤੋਂ ਪੰਜ ਦਿਨ ਬਾਅਦ 18 ਜੂਨ ਨੂੰ ਉਹ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਇਹ ਵੀ ਪੜ੍ਹੋ : ਔਰਤ ਦੀ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ, ਸੜਕ ‘ਤੇ ਤੜਫਦੀ ਰਹੀ ਪਰ ਕੋਈ ਨਹੀਂ ਆਇਆ ਮਦਦ ਵਾਸਤੇ ਅੱਗੇ