ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਯਤਨ ਕਰਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਰਚੀ ਹੈ ਅਤੇ ਇਸ ਵਾਸਤੇ ਉਨ੍ਹਾਂ ਖਿਲਾਫ ਇਕ ਮਨਘੜਤ ਬਿਆਨ ਧਾਰਾ 164 ਸੀ. ਆਰ. ਪੀ. ਸੀ. ਵਿਚ ਦਰਜ ਕਰਵਾਇਆ ਜਾ ਰਿਹਾ ਹੈ ਅਤੇ ਇਸ ਯੋਜਨਾ ਨੁੰ ਸਿਰੇ ਚੜ੍ਹਾਉਣ ਲਈ ਕੱਲ੍ਹ ਦਿੱਲੀ ਏਅਰਪੋਰਟ ਦੇ ਟੀ 4 ਲੋਂਜ ਵਿਚ ਇਕ ਮੀਟਿੰਗ ਵੀ ਕੀਤੀ ਗਈ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਜ਼ਿਸ ਦਾ ਪੱਧਰ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬੇ ਦੇ ਸਰਕਾਰੀ ਹੈਲੀਕਾਪਟਰ ਵਿਚ ਦਿੱਲੀ ਰਵਾਨਾ ਹੋਏ ਤੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ, ਡੀ. ਜੀ. ਪੀ. ਆਈ. ਪੀ. ਐੱਸ. ਸਹੋਤਾ, ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐਸ ਕੇ ਅਸਥਾਨਾ ਵੀ ਸਨ। ਇਨ੍ਹਾਂ ਦੀ ਟੀ 4 ਟਰਮਿਨਲ ਲੋਂਜ ਵਿਖੇ ਮੀਟਿੰਗ ਹੋਈ ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਮਿਲੀਆਂ ਹਦਾਇਤਾਂ ਤੋਂ ਇਨ੍ਹਾਂ ਨੂੰ ਜਾਣੂ ਕਰਵਾਇਆ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਸ. ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ’ਤੇ ਤੁਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ ਜਿਹਨਾਂ ਨੇ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿਚ ਮਰਨ ਵਰਤ ਰੱਖਣ ਦੀ ਧਮਕੀ ਦਿੱਤੀ ਹੈ, ਵੀ ਇਸ ਸਾਜ਼ਿਸ਼ ਦਾ ਹਿੱਸਾ ਸਨ। ਉਹਨਾਂ ਕਿਹਾ ਕਿ ਪੁਲਿਸ ਅਫਸਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸਰਕਾਰ ਦੀ ਗੱਲ ਮੰਨਣ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਅਰਪਿਤ ਸ਼ੁਕਲਾ ਤੋਂ ਵਰਿੰਦਰ ਕੁਮਾਰ ਤੇ ਹੁਣ ਐਸ ਕੇ ਅਸਥਾਨਾ ਦਾ ਤਬਾਦਲਾ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦਾ ਰੈਗੂਲਰ ਡੀ ਜੀ ਪੀ ਵੀ ਇਸੇ ਕਰ ਕੇ ਨਹੀਂ ਲਗਾਇਆ ਜਾ ਰਿਹਾ ਕਿ ਸਿਖ਼ਰਲੇ ਅਫਸਰਾਂ ਨੂੰ ਵੀ ਖੁੰਡੇ ’ਤੇ ਟੰਗਿਆ ਹੋਇਆ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹਨਾਂ ਅਫਸਰਾਂ ਦੀ ਵਰਤੋਂ ਕਾਂਗਰਸ ਪਾਰਟੀ ਦੀਆਂ ਯੋਜਨਾਵਾਂ ਮੁਤਾਬਕ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਡਾ. ਚੀਮਾ ਨੇ ਪੰਜਾਬ ਕਾਂਗਰਸ ਨੂੰ ਆਖਿਆ ਕਿ ਉਹ ਨਸ਼ਿਆਂ ਦੇ ਕੇਸ ਦੀ ਜਾਂਚ ਦਾ ਵਿਖਾਵਾ ਛੱਡ ਕੇ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੱਧੂ ਤੇ ਕੁਲਬੀਰ ਜ਼ੀਰਾ ਦੀ ਸ਼ਮੂਲੀਅਤ ਵਾਸੀ ਐਸ ਆਈ ਟੀ ਨੂੰ ਨੋਟੀਫਾਈ ਕਰੇ ਤੇ ਉਹਨਾਂ ਨੂੰ ਕੇਸ ਦਰਜ ਕਰਨ ਤੇ ਮਰਜ਼ੀਆਂ ਮੁਤਾਬਕ ਗ੍ਰਿਫਤਾਰੀਆਂ ਕਰਨ ਦੀ ਤਾਕਤ ਦੇਵੇ। ਉਹਨਾਂ ਕਿਹਾ ਕਿ ਇਹ ਆਗੂ ਪੁਲਿਸ ਅਫਸਰਾਂ ’ਤੇ ਦਬਾਅ ਪਾ ਕੇ ਤੇ ਧੱਕਾ ਕਰ ਕੇ ਇਹੀ ਕੁਝ ਕਰਵਾਉਣਾ ਚਾਹੁੰਦੇ ਹਨ। ਉਹਨਾ ਕਿਹਾ ਕਿ ਕਾਨੂੰਨ ਦਾ ਰਾਜ, ਨਿਆਂਇਕ ਪ੍ਰਕਿਰਿਆ ਤੇ ਸੰਵਿਧਾਨ ਛਿੱਕੇ ਟੰਗ ਦਿੱਤਾ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਾਪਰ ਰਹੀਆਂ ਘਟਨਾਵਾਂ ਖਾਸ ਤੌਰ ’ਤੇ ਅਕਾਲੀ ਦਲ ਦੇ ਨਾਲ ਜੁੜ ਰਹੀ ਹਮਾਇਤ ਤੇ ਸਰਕਾਰ ਦੀ ਹਰ ਮੁਹਾਜ਼ ’ਤੇ ਅਸਫਲਤਾ ਤੋਂ ਬੌਖਲਾ ਗਈ ਹੈ। ਇਸਨੂੰ ਮਹਿਸੂਸ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਨਾਲ ਹੀ ਉਸਦੀ ਡੁੱਬਦੀ ਬੇੜੀ ਬੱਚ ਸਕਦੀ ਹੈ। ਇਹੀ ਕਾਰਨ ਹੈ ਕਿ ਇਹਨਾਂ ਨੇ ਪਹਿਲਾਂ ਰਾਜ ਭਵਨ ਦੀ ਅਨੈਕਸੀ ਵਿਚ ਸ. ਸੁਖਬੀਰ ਸਿੰਘ ਬਾਦਲ ਦੇ ਖਿਲਾਫ ਧਾਰਾ 164 ਸੀ ਆਰ ਪੀ ਸੀ ਤਹਿਤ ਝੁਠੀ ਸ਼ਿਕਾਇਤ ਦਰਜ ਕਰ ਕੇ ਝੁਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਰਚੀ। ਅਕਾਲੀ ਦਲ ਨੇ ਇਹ ਸਾਜ਼ਿਸ਼ ਬੇਨਕਾਬ ਕਰ ਦਿੱਤੀ ਤੇ ਦਾਅਵਾ ਕੀਤਾ ਕਿ ਪਾਰਟੀ ਦੀ ਸਾਬਕਾ ਵਰਕਰ ਰਾਜਿੰਦਰ ਕੌਰ ਮੀਸਾ ਇਕ ਪ੍ਰੈਸ ਕਾਨਫਰੰਸ ਕਰ ਕੇ ਸ. ਬਾਦਲ ਦੇ ਖਿਲਾਫ ਦੋਸ਼ ਲਗਾਏਗੀ ਤੇ ਅਗਲੇ ਦਿਨਾਂ ਵਿਚ ਮੀਸਾ ਨੇ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਗਾਏ ਤੇ ਪਾਰਟੀ ਦੇ ਦਾਅਵੇ ਨੂੰ ਸਹੀ ਸਾਬਤ ਕਰ ਦਿੱਤਾ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਗੁਨਾਹ ਇਥੋਂ ਹੀ ਸਾਬਤ ਹੋ ਗਿਆ ਕਿ ਅਕਾਲੀ ਦਲ ਵੱਲੋਂ ਬੇਨਕਾਬ ਕੀਤੀ ਸਾਜ਼ਿਸ਼ ਦਾ ਕਿਸੇ ਨੇ ਵੀ ਖੰਡਨ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਅਜਿਹੀ ਹੀ ਸਾਜ਼ਿਸ਼ ਸ. ਮਜੀਠੀਆ ਦੇ ਖਿਲਾਫ ਰਚੀ ਗਈ ਹੈ ਜਿਸਦਾ ਮਕਸਦ ਵੀ ਉਹੀ ਹੈ ਕਿ ਉਹਨਾਂ ਨੂੰ ਝੂਠੇ ਕੇਸ ‘ਚ ਫਸਾਇਆ ਜਾਵੇ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਬਦਲਾਖੋਰੇ ਦੀ ਰਾਜਨੀਤੀ ਤੋਂ ਅਕਾਲੀ ਦਲ ਕਿਸੇ ਵੀ ਤਰੀਕੇ ਡਰਨ ਵਾਲਾ ਨਹੀਂ ਏ। ਉਹਨਾਂ ਕਿਹਾ ਕਿ ਪਹਿਲਾਂ ਸਾਰੀ ਪਾਰਟੀ ਲੀਡਰਸ਼ਿਪ ਨੇ ਇਸਦੇ ਪ੍ਰਧਾਨ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕਾਂਗਰਸ ਸਰਕਾਰ ਦੀ ਸਾਜ਼ਿਸ਼ ਦੇ ਖਿਲਾਫ ਗ੍ਰਿਫਤਾਰੀ ਦਿੱਤੀ ਸੀ। ਉਹਨਾਂ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ। ਅਸੀਂ ਮੁੱਖ ਮੰਤਰੀ ਤੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਸੀਨੀਅਰ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਜਵਾਬਦੇਹ ਹੋਣਗੇ।