ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ। ਭਾਜਪਾ ਨੇ ਅੱਜ ਆਪਣੇ 107 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਸ਼ਹਿਰ ਤੋਂ ਚੋਣ ਲੜਨਗੇ। ਕੇਸ਼ਵ ਪ੍ਰਸਾਦ ਮੌਰਿਆ ਸਿਰਥੂ ਤੋਂ ਉਮੀਦਵਾਰ ਹੋਣਗੇ।
ਭਾਜਪਾ ਨੇ ਕੁੱਲ 107 ਨਾਵਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ 63 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਹਿਲੇ ਅਤੇ ਦੂਜੇ ਪੜਾਅ ਵਿੱਚ ਭਾਜਪਾ ਨੇ 20 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਹਨ। ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ 44 ਓਬੀਸੀ, 19 ਐਸਸੀ ਅਤੇ 10 ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪ੍ਰਤੀਸ਼ਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ 68% ਉਮੀਦਵਾਰ ਓਬੀਸੀ, ਐਸਸੀ ਅਤੇ ਔਰਤਾਂ ਹਨ।
ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਹੋਏ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, ‘ਯੋਗੀ ਜੀ ਦੀ ਸਰਕਾਰ ਨੇ ਪਿਛਲੇ 5 ਸਾਲਾਂ ‘ਚ ਗੁੰਡਾਰਾਜ, ਭ੍ਰਿਸ਼ਟ, ਮਾਫੀਆ ‘ਤੇ ਸ਼ਿਕੰਜਾ ਕੱਸਣ ਦਾ ਕੰਮ ਕੀਤਾ ਹੈ। ਧੀਆਂ ਰਾਤ ਨੂੰ ਵੀ ਨਿਡਰ ਹੋ ਕੇ ਘੁੰਮ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਯੋਗੀ ਜੀ ਨੇ ਯੂਪੀ ਨੂੰ ਦੰਗਾ ਮੁਕਤ ਸੂਬਾ ਬਣਾਇਆ ਹੈ। ਅੱਜ ਯੂਪੀ ਵਿੱਚ ਮੈਡੀਕਲ ਕਾਲਜ ਖੁੱਲ੍ਹ ਰਹੇ ਹਨ, ਐਕਸਪ੍ਰੈਸਵੇਅ ਬਣ ਰਹੇ ਹਨ। ਜਿਸ ਯੂਪੀ ਨੂੰ ਕਦੇ ਬਿਮਾਰੂ ਰਾਜ ਕਿਹਾ ਜਾਂਦਾ ਸੀ, ਅੱਜ ਉਹੀ ਯੂਪੀ ਦੇਸ਼ ਵਿੱਚ ਵਿਕਾਸ ਦੇ ਰੂਪ ਵਿੱਚ ਨੰਬਰ-1 ਬਣ ਕੇ ਉੱਭਰਿਆ ਹੈ।
ਦੱਸ ਦੇਈਏ ਕਿ ਹੁਣ ਤੱਕ 14 ਨੇਤਾ ਭਾਜਪਾ ਤੋਂ ਅਸਤੀਫਾ ਦੇ ਚੁੱਕੇ ਹਨ। ਇਸ ਵਿੱਚ ਤਿੰਨ ਕੈਬਨਿਟ ਮੰਤਰੀ ਸ਼ਾਮਲ ਹਨ। ਇਹ ਸਾਰੇ ਆਗੂ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਯੂਪੀ ਵਿੱਚ ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ ਅਤੇ ਇਸਦੀ ਸ਼ੁਰੂਆਤ 10 ਫਰਵਰੀ ਨੂੰ ਰਾਜ ਦੇ ਪੱਛਮੀ ਹਿੱਸੇ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ਉੱਤੇ ਵੋਟਿੰਗ ਨਾਲ ਹੋਵੇਗੀ। ਦੂਜੇ ਪੜਾਅ ‘ਚ 14 ਫਰਵਰੀ ਨੂੰ ਸੂਬੇ ਦੀਆਂ 55 ਸੀਟਾਂ ‘ਤੇ ਵੋਟਿੰਗ ਹੋਵੇਗੀ।