ਕਣਕ ਦੀ ਖਰੀਦ ਵਿਚ ਦੇਰੀ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਵੱਲੋਂ 18 ਜ਼ਿਲ੍ਹਿਆਂ ਵਿਚ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਸੂਬੇ ਭਰ ਵਿਚ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਡੀਆਂ ਵਿਚ ਖਰੀਦ ਤੇ ਲਿਫਟਿੰਗ ਵਿਚ ਤੇਜ਼ੀ ਨਹੀਂ ਲਿਆਂਦੀ ਜਾਂਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਕਣਕ ਦੀ ਖਰੀਦ ਵਿਚ ਜਾਣਬੁਝ ਕੇ ਦੇਰੀ ਕਰ ਰਹੇ ਹਨ। ਮੰਡੀਆਂ ਵਿਚ ਬੋਰੀਆਂ ਦੀ ਕਮੀ ਤੇ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਦੀ ਫਸਲ ਮੰਡੀਆਂ ਵਿਚ ਰੁਲ ਰਹੀ ਹੈ।
ਅੱਜ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਚੱਕਾ ਜਾਮ ਦਾ ਸਮਾਂ ਵਧ ਵੀ ਸਕਦਾ ਹੈ। ਅੰਦੋਲਨ ਕਰਕੇ ਪੰਜਾਬ ਤੋਂ ਲੰਘਣ ਵਾਲੀਆਂ ਲੰਬੀ ਦੂਰੀ ਦੀਆਂ ਕਈ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਬੈਠਕ ਅੱਜ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਦੋਲਨ ਦੇ ਐਲਾਨ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ FCI ਨੇ ਕਣਕ ਖਰੀਦ ਲਈ ਨਿਯਮਾਂ ਵਿਚ ਛੋਟ ਦੇ ਦਿੱਤੀ ਹੈ। ਸੂਬਾ ਸਰਕਾਰ ਨੂੰ ਛੋਟ ਬਾਰੇ ਪੱਤਰ ਵੀ ਭੇਜਿਆ ਗਿਆ ਹੈ ਤੇ ਸੂਬਾ ਸਰਕਾਰ ਹੁਣ ਜਲਦੀ ਕਿਸਾਨਾਂ ਦੀ ਫਸਲ ਖਰੀਦ ਕੇ ਲਿਫਟਿੰਗ ਕਰਵਾਏ।
ਵੀਡੀਓ ਲਈ ਕਲਿੱਕ ਕਰੋ -:











