ਪੰਜਾਬ ਵਿਜੀਲੈਂਸ ਦੀ ਟੀਮ ਨੇ ਅੰਮ੍ਰਿਤਸਰ ਪੂਰਬੀ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਦੇ ਰੀਡਰ ਨੂੰ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸੀਨੀਅਰ ਕਾਂਸਟੇਬਲ ਇਕ ਨਿੱਜੀ ਵਿਅਕਤੀ ਨਾਲ ਮਿਲ ਕੇ ਕੇਸ ਨੂੰ ਰਫਾ-ਦਫਾ ਕਰਨ ਲਈ 15,000 ਰੁਪਏ ਮੰਗ ਰਿਹਾ ਸੀ ਤੇ ਆਖਿਰ ਗੱਲ 10,000 ‘ਤੇ ਨਿਬੜੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਸੀਪੀ ਈਸਟ ਦੇ ਡਿਪਟੀ ਰੀਡਰ ਦੀ ਪਛਾਣ ਸੀਨੀਅਰ ਕਾਂਸਟੇਬਲ ਗੁਰਦੀਪ ਸਿੰਘ ਵਜੋਂ ਹੋਈ ਹੈ। ਇਹ ਰਿਸ਼ਵਤ ਮੰਗਣ ਲਈ ਉਸ ਦੇ ਨਾਲ ਕਰੀਮਪੁਰਾ ਦਾ ਰਹਿਣ ਵਾਲਾ ਮਯੂਰ ਨਾਂ ਦਾ ਵਿਅਕਤੀ ਵੀ ਜਾ ਰਿਹਾ ਸੀ। ਪ੍ਰਤਾਪ ਨਗਰ ਵਾਸੀ ਸੁੱਚਾ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਕਿ ਸਥਾਨਕ ਪੁਲਿਸ ਨੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਸ ਲਈ ਦੋਵੇਂ ਦੋਸ਼ੀ ਮਿਲ ਕੇ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਸਨ।
ਸੁੱਚਾ ਸਿੰਘ ਨੇ ਦੱਸਿਆ ਕਿ ਰੀਡਰ ਗੁਰਦੀਪ ਆਪਣੇ ਸਾਥੀ ਮਯੂਰ ਨਾਲ ਮਿਲ ਕੇ ਉਸ ਤੋਂ 15 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਗੱਲਬਾਤ ਤੋਂ ਬਾਅਦ 10,000 ਰੁਪਏ ਵਿੱਚ ਮਾਮਲਾ ਪੂਰਾ ਹੋ ਗਿਆ, ਪਰ ਉਸ ਦੀ ਜ਼ਮੀਰ ਪੈਸੇ ਦੇਣ ਲਈ ਰਾਜ਼ੀ ਨਹੀਂ ਸੀ। ਦਬਾਅ ਤੋਂ ਬਾਅਦ ਉਸ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਇਹ ਵੀ ਪੜ੍ਹੋ : CM ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਲੈਨਿੰਗ ਕੀਤੀ ਗਈ ਅਤੇ ਸੁੱਚਾ ਸਿੰਘ ਨੂੰ 10,000 ਰੁਪਏ ਦੇ ਕੇ ਭੇਜ ਦਿੱਤਾ ਗਿਆ। ਮੁਲਜ਼ਮਾਂ ਕੋਲੋਂ 10,000 ਰੁਪਏ ਦੀ ਨਕਦੀ ਬਰਾਮਦ ਹੋਣ ’ਤੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਥਾਣੇ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: