ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਰੇਲ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦੀ ਹੀ ਲਗਭਗ 80,000 ਰੇਲਵੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਇਹ ਕਦਮ ਰੇਲਵੇ ਕਰਮਚਾਰੀਆਂ ‘ਚ ਮੁਕਾਬਲੇਬਾਜ਼ੀ ਵਧਾਉਣ ਅਤੇ ਕੰਮ ਦੀ ਬੋਰੀਅਤ ਨੂੰ ਖਤਮ ਕਰਨ ਲਈ ਚੁਕਿਆ ਜਾ ਰਿਹਾ ਹੈ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ 16 ਨਵੰਬਰ ਨੂੰ ਨਵੇਂ ਪ੍ਰਬੰਧਾਂ ਦਾ ਐਲਾਨ ਕੀਤਾ ਹੈ। ਇੱਕ ਨਵੀਂ ਵਿਵਸਥਾ ਦੇ ਜ਼ਰੀਏ, ਭਾਰਤੀ ਰੇਲਵੇ ਵਲੋਂ ਰੇਲਵੇ ਦੇ ਸੁਪਰਵਾਈਜ਼ਰੀ ਕਾਡਰ ਨੂੰ ਗਰੁੱਪ A ਅਧਿਕਾਰੀਆਂ ਦੇ ਬਰਾਬਰ ਤਨਖਾਹ ਢਾਂਚੇ ਤੱਕ ਪਹੁੰਚਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਦੇ ਸੁਪਰਵਾਈਜ਼ਰੀ ਕੇਡਰ ਵਿੱਚ ਲੈਵਲ-7 ਵਿੱਚ ਤਨਖ਼ਾਹ ਵਾਧੇ ਅਤੇ ਤਰੱਕੀ ਦੀ ਗੁੰਜਾਇਸ਼ ਬਹੁਤ ਘੱਟ ਹੈ। ਇਸ ਲਈ ਤਨਖਾਹ ਵਧਣ ਨਾਲ ਰੇਲਵੇ ਕਰਮਚਾਰੀ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਹੋਣਗੇ।
ਜਾਣਕਾਰੀ ਅਨੁਸਾਰ ਰੇਲਵੇ ਕਰਮਚਾਰੀਆਂ ਦੀ ਤਨਖਾਹ ‘ਚ ਵਾਧੇ ਨਾਲ ਕਰੀਬ 40,000 ਸੁਪਰਵਾਈਜ਼ਰੀ ਗ੍ਰੇਡ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਸੁਪਰਵਾਈਜ਼ਰ ਸ਼੍ਰੇਣੀ ਵਿੱਚ ਸਟੇਸ਼ਨ ਮਾਸਟਰ, ਟਿਕਟ ਚੈਕਰ, ਟਰੈਫਿਕ ਇੰਸਪੈਕਟਰ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਸਾਰਿਆਂ ਨੂੰ ਫੀਲਡ ਲੈਵਲ ਕਰਮਚਾਰੀ ਕਿਹਾ ਜਾਂਦਾ ਹੈ। ਇਸ ਵਾਧੇ ਤੋਂ ਬਾਅਦ ਮੁਲਾਜ਼ਮਾਂ ਨੂੰ ਔਸਤਨ 2500 ਤੋਂ 4000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਰੇਲਵੇ ਦੇ ਤਨਖ਼ਾਹ ਦੇ ਬਿੱਲ ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਬੋਝ ਵੀ ਵਧੇਗਾ।
ਰੇਲਵੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਦਾ ਐਲਾਨ ਕਰਦਿਆਂ ਰੇਲ ਮੰਤਰੀ ਨੇ ਕਿਹਾ ਕਿ ਸੁਪਰਵਾਈਜ਼ਰ ਕਾਡਰ ਦੇ ਮੁਲਾਜ਼ਮਾਂ ਵੱਲੋਂ ਪਿਛਲੇ 16 ਸਾਲਾਂ ਤੋਂ ਅਜਿਹੀ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਕਰਮਚਾਰੀਆਂ ਵਿੱਚ ਤਰੱਕੀ ਦਾ ਇੱਕੋ ਇੱਕ ਵਿਕਲਪ ਗਰੁੱਪ-B ਦੀ ਪ੍ਰੀਖਿਆ ਕਰਵਾਉਣਾ ਅਤੇ 3,7,12 ਅਸਾਮੀਆਂ ਲਈ ਚੋਣ ਕਰਨਾ ਸੀ। ਹੁਣ ਇਸ ਘੋਸ਼ਣਾ ਤੋਂ ਬਾਅਦ 50 ਫੀਸਦੀ ਕਰਮਚਾਰੀਆਂ ਨੂੰ ਲੈਵਲ 7 ਤੋਂ ਲੈਵਲ 8 ਤੱਕ ਤਰੱਕੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸਦੇ ਨਾਲ ਹੀ ਸਿਵਲ, ਮਕੈਨੀਕਲ, ਇਲੈਕਟ੍ਰੀਕਲ, S&T ਟ੍ਰੈਫਿਕ ਕੈਮੀਕਲ ਅਤੇ S&T, ਮੈਟਲਰਜੀਕਲ, ਸਟੋਰ ਅਤੇ ਵਪਾਰਕ ਵਿਭਾਗਾਂ ਦੇ ਸੁਪਰਵਾਈਜ਼ਰਾਂ ਨੂੰ ਵੀ ਰੇਲਵੇ ਕਰਮਚਾਰੀਆਂ ਦੀ ਤਨਖਾਹ ਵਿੱਚ ਨਵੇਂ ਪ੍ਰਬੰਧ ਦਾ ਫਾਇਦਾ ਹੋਵੇਗਾ। AIRF ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਇਹ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ, ਰੇਲ ਮੰਤਰਾਲੇ, ਡੀਓਪੀਟੀ ਅਤੇ ਐਮਓਐਫ (ਡੀਓਆਈ) ਦੇ ਜ਼ੋਰਦਾਰ ਯਤਨਾਂ ਤੋਂ ਬਾਅਦ ਸੰਭਵ ਹੋਇਆ ਹੈ। ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਸੀ ਕਿ ਮੁਲਾਜ਼ਮਾਂ ਦੀ ਤਨਖਾਹ 4600 ਰੁਪਏ ਤੋਂ ਵਧਾ ਕੇ 5400 ਰੁਪਏ ਕੀਤੀ ਜਾਵੇ।