ਬੰਗਲਾਦੇਸ਼ ਖਿਲਾਫ ਦੂਜੇ ਵਨਡੇ ਮੈਚ ਵਿਚ ਰੋਹਿਤ ਸ਼ਰਮਾ ਦੇ ਸੱਟ ਲੱਗ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੂਜੇ ਵਨਡੇ ਵਿਚ ਕੈਚ ਲੈਣ ਦੌਰਾਨ ਉਹ ਜ਼ਖਮੀ ਹੋ ਗਏ। ਸੀਰੀਜ ਵਿਚ ਟੀਮ ਇੰਡੀਆ 0-1 ਤੋਂ ਪਿੱਛੇ ਚੱਲ ਰਹੀ ਹੈ। ਮੈਚ ਵਿਚ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਵੀ ਨਹੀਂ ਖੇਡ ਰਹੇ ਹਨ। ਉਹ ਵੀ ਜ਼ਖਮੀ ਹਨ। ਸੀਰੀਜ ਵਿਚ ਬਣੇ ਰਹਿਣ ਲਈ ਭਾਰਤੀ ਟੀਮ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। 2015 ਵਿਚ ਬੰਗਲਾਦੇਸ਼ ਵਿਚ ਦੋਵੇਂ ਟੀਮਾਂ ਵਿਚ ਆਖਰੀ ਸੀਰੀਜ ਖੇਡੀ ਗਈ ਸੀ, ਉਦੋਂ ਮੇਜ਼ਬਾਨ ਬੰਗਲਾਦੇਸ਼ ਨੂੰ 2-1 ਤੋਂ ਜਿੱਤ ਮਿਲੀ ਸੀ।
ਦਰਅਸਲ ਮੈਚ ਦਾ 9ਵਾਂ ਓਵਰ ਸ਼ਾਰਦੂਲ ਠਾਕੁਰ ਦੇ ਰਹੇ ਸਨ। ਓਵਰ ਦੀ ਚੌਥੀ ਗੇਂਦ ‘ਤੇ ਬੰਗਲਾਦੇਸ਼ੀ ਕਪਤਾਨ ਲਿਟਨ ਦਾਸ ਨੇ ਅੱਗੇ ਵਧ ਕੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਗੇਂਦ ਬੱਲੇ ‘ਤੇ ਸਹੀ ਤਰੀਕੇ ਨਾਲ ਨਹੀਂ ਲੱਗ ਸਕੀ ਤੇ ਬਾਹਰੀ ਕਿਨਾਰਾ ਲੈਂਦੇ ਹੋਏ ਪਿੱਛੇ ਵੱਲ ਗਈ। ਸਲਿਪ ਵਿਚ ਖੜੇ ਰੋਹਿਤ ਸ਼ਰਮਾ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਦੀ ਰਫਤਾਰ ਕਾਫੀ ਤੇਜ਼ ਸੀ। ਗੇਂਦ ਉਨ੍ਹਾਂ ਦੇ ਹੱਥ ਵਿਚ ਅੰਗੂਠੇ ਕੋਲ ਲੱਗੀ। ਉਹ ਕੈਚ ਨਹੀਂ ਲੈ ਸਕੇ। ਇਸ ਤੋਂ ਬਾਅਦ ਰੋਹਿਤ ਨੂੰ ਬਹੁਤ ਦਰਦ ਹੋਣ ਲੱਗਾ। ਉਨ੍ਹਾਂ ਨੂੰ ਗਰਾਊਂਡ ਤੋਂ ਬਾਹਰ ਲਿਜਾਇਆ ਗਿਆ। ਬਾਅਦ ਵਿਚ ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਕਸਰੇ ਕਰਾਉਣ ਲਈ ਹਸਪਤਾਲ ਲਿਜਾਇਆ ਗਿਆ।
ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ ਦੇ ਪਹਿਲੇ ਮੈਚ ਵਿਚ ਡੈਬਿਊ ਕਰਨ ਵਾਲੇ ਕੁਲਦੀਪ ਸੇਨ ਵੀ ਪਿੱਠ ਵਿਚ ਖਿਚਾਅ ਕਾਰਨ ਦੂਜੇ ਵਨਡੇ ਤੋਂ ਬਾਹਰ ਹੋ ਗਏ ਸਨ। 26 ਸਾਲ ਦੇ ਮੱਧ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਨੂੰ ਪਹਿਲਾਂ ਵਨਡੇ ਮੈਚ ਦੇ ਬਾਅਦ ਪਿੱਛੇ ਖਿਚਾਅ ਦੀ ਸ਼ਿਕਾਇਤ ਸੀ। ਮੈਡੀਕਲ ਟੀਮ ਨੇ ਉਨ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ ਮੁਹੰਮਦ ਸ਼ੰਮੀ ਵੀ ਸੱਟ ਦੀ ਵਜ੍ਹਾ ਨਾਲ ਬੰਗਲਾਦੇਸ਼ ਦੌਰੇ ਤੋਂ ਬਾਹਰ ਹੋ ਗਏ ਸਨ। ਸ਼ੰਮੀ ਟੀ-20 ਵਰਲਡ ਕੱਪ ਵਿਚ ਟੀਮ ਦੇ ਹਿੱਸਾ ਸਨ। ਪ੍ਰੈਕਟਿਸ ਦੌਰਾਨ ਉਨ੍ਹਾਂ ਨੂੰ ਮੋਢੇ ‘ਤੇ ਸੱਟ ਲੱਗ ਗਈ ਸੀ। ਸ਼ਮੀ ਨੇ ਹਸਪਤਾਲ ਵਿਚ ਫੋਟੋ ਵੀ ਸ਼ੇਅਰ ਕੀਤਾ ਸੀ ਤੇ ਕਿਹਾ ਸੀ ਕਿ ਉਹ ਜਲਦੀ ਵਾਪਸੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: