ਰਿਸ਼ਵਤ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਕੇਸ ਦੀ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਸੂਬਾ ਸਰਕਾਰ ਵੱਲੋਂ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ। ਇਸ ਦੇ ਬਾਅਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਨਹੀਂ ਮਿਲ ਸਕੀ ਹੈ। ਹਾਈਕੋਰਟ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫਤੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਅਰੋੜਾ ਨੇ ਨਿਯਮਿਤ ਜ਼ਮਾਨਤ ਲਈ ਪੰਜਾਬ ਦੀ ਮੋਹਾਲੀ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ। ਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰਕੇ ਅਰੋੜਾ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਸੀ। ਇਸ ਦੇ ਬਾਅਦ ਅਰੋੜਾ ਨੇ 11 ਨਵੰਬਰ ਨੂੰ ਨਿਯਮਿਤ ਜ਼ਮਾਨਤ ਲਈ ਪਟੀਸ਼ਨ ਲਗਾਈ ਸੀ। ਇਸ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਫਾਈਨਲ ਕਰਨ ਦੇ ਹੁਕਮ ਦਿੱਤੇ ਸਨ।
ਸੁੰਦਰ ਸ਼ਾਮ ਅਰੋੜਾ ਨੇ ਇਕ ਮਾਮਲੇ ਵਿਚ ਬਚਾਅ ਲਈ ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਪੇਸ਼ ਕੀਤੀ ਜਾਣ ਵਾਲੀ ਰਿਸ਼ਵਤ ਦੀ ਰਕਮ ਸਣੇ ਗ੍ਰਿਫਤਾਰ ਕੀਤਾ ਸੀ। ਅਰੋੜਾ ਰਿਸ਼ਵਤ ਦੀ ਰਕਮ ਆਪਣੇ ਘਰ ਤੋਂ ਲਿਆਏ ਸਨ। ਵਿਜੀਲੈਂਸ ਜਾਂਚ ਵਿਚ ਪਤਾ ਲੱਗਾ ਹੈ ਕਿ ਇਸ ਦੇ ਬਾਅਦ ਅਰੋੜਾ ਹੁਸ਼ਿਆਰਪੁਰ ਤੋਂ KIA ਕਾਰ ਵਿਚ ਸਵਾਰ ਹੋ ਕੇ ਪਹਿਲੇ ਮੋਹਾਲੀ ਏਅਰਪੋਰਟ ਰੋਡ ‘ਤੇ ਪਹੁੰਚੇ। ਫਿਰ ਆਪਣੀ ਗੱਡੀ ਬਦਲੀ ਤੇ ਮਾਰਬੇਲਾ ਗ੍ਰੈਂਡ ਦੇ ਪਾਰਟਨਰ ਦੀ ਇਨੋਵਾ ਕ੍ਰਿਸਟਾ ਕਾਰ ਲਈ। ਇਨੋਵਾ ਤੋਂ ਉਹ ਰਿਸ਼ਵਤ ਦੀ ਰਕਮ ਲੈ ਕੇ AIG ਮਨਮੋਹਨ ਕੁਮਾਰ ਕੋਲ ਪਹੁੰਚੇ ਸਨ।
ਇਹ ਵੀ ਪੜ੍ਹੋ:ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਪੰਜਾਬ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ
ਇਸ ਦੌਰਾਨ ਉਨ੍ਹਾਂ ਨਾਲ ਇਨੋਵਾ ਕਾਰ ਦੇ ਮਾਲਕ ਦਾ ਪੀਏ ਵੀ ਮੌਜੂਦ ਸੀ। ਸੁੰਦਰ ਸ਼ਾਮ ਅਰੋੜਾ ਜਿਸ ਸਮੇਂ ਰਿਸ਼ਵਤ ਦੇ 50 ਲੱਖ ਰੁਪਏ ਏਆਈਜੀ ਮਨਮੋਹਨ ਕੁਮਾਰ ਨੂੰ ਦੇਣ ਲੱਗੇ, ਉਸੇ ਦੌਰਾਨ ਟ੍ਰੈਪ ਲਗਾ ਕੇ ਤਿਆਰ ਬੈਠੀ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ -: