ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਸਬੰਧ ਵਿੱਚ 28 ਨਵੰਬਰ, 2022 ਤੱਕ ਰਾਜ ਵਿੱਚ 2,93,975 ਦਿਵਿਆਂਗ ਵਿਅਕਤੀਆਂ ਨੂੰ ਯੂ.ਡੀ.ਆਈ.ਡੀ. ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਇੱਕ ਕਾਰਡ ਦੇ ਆਧਾਰ ‘ਤੇ ਦੇਣ ਲਈ ਵਿਲੱਖਣ ਅਪੰਗਤਾ ਪਛਾਣ ਪੱਤਰ (UDID) ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਡਾਟਾਬੇਸ ਰਾਸ਼ਟਰੀ ਪੱਧਰ ‘ਤੇ ਤਿਆਰ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਯੂ.ਡੀ.ਆਈ.ਡੀ ਪ੍ਰਾਜੈਕਟ ਤਹਿਤ ਸੂਬੇ ਦੇ 102 ਹਸਪਤਾਲਾਂ ਵਿੱਚ ਕੈਂਪ ਲਗਾ ਕੇ ਇਹ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੋਰਟਲ www.swavlambancard.gov.in ‘ਤੇ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ, 28 ਨਵੰਬਰ, 2022 ਤੱਕ ਯੋਗ ਵਿਅਕਤੀਆਂ ਨੂੰ 2,93,975 UDID ਕਾਰਡ ਜਾਰੀ ਕੀਤੇ ਗਏ ਹਨ ਅਤੇ ਭਾਰਤ ਸਰਕਾਰ ਦੁਆਰਾ ਸਾਂਝੀ ਕੀਤੀ ਰੋਜ਼ਾਨਾ ਰਿਪੋਰਟ ਅਨੁਸਾਰ ਪੰਜਾਬ ਸੂਬੇ ਨੇ 11ਵਾਂ ਰੈਂਕ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਮਾਨ ਮੰਤਰੀ ਮੰਡਲ ਵੱਲੋਂ ਆਉਣ ਵਾਲੇ 4 ਸਾਲਾਂ ‘ਚ 8400 ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ
ਡਾ: ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਲਈ ਇੱਕ ਡਿਸਏਬਿਲਟੀ ਸੈੱਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਰਪਿਤ ਸੈੱਲ ਦਿਵਿਆਂਗ ਵਿਅਕਤੀਆਂ ਲਈ ਅਪੰਗਤਾ ਸਕੀਮਾਂ ਦਾ ਲਾਭ ਲੈਣ ਲਈ ਸਿੰਗਲ ਵਿੰਡੋ ਪਲੇਟਫਾਰਮ ਹੋਵੇਗਾ। ਉਨ੍ਹਾਂ ਰਾਜ ਦੇ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰਾਂ ਜਾਂ ਸਿਵਲ ਹਸਪਤਾਲਾਂ ਨਾਲ ਸੰਪਰਕ ਕਰਕੇ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕਰਨ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।
ਵੀਡੀਓ ਲਈ ਕਲਿੱਕ ਕਰੋ -: