ਤਰਨਤਾਰਨ ਦੇ ਥਾਣਾ ਸਰਹਾਲੀ ਵਿਚ ਰਾਕੇਟ ਲਾਂਚਰ ਦਾਗਣ ਦੀ ਸਾਜ਼ਿਸ ਕੇਂਦਰੀ ਜੇਲ੍ਹ ਗੋਇੰਦਵਾਲ ਤੋਂ ਰਚੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮਸ਼ਹੂਰ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਵਿਦੇਸ਼ ਤੋਂ ਇਸ ਮਾਮਲੇ ਦੀ ਫੰਡਿੰਗ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੋਕਾਂ ਦੇ ਨਾਂ ਵੀ ਸਾਹਮਣੇ ਆਏ।
ਵਾਰਦਾਤ ਨੂੰ ਜੇਲ੍ਹ ਵਿਚ ਬੰਦ ਗੋਪੀ ਤੇ ਪ੍ਰੀਤ ਸਿੰਘ ਨੇ ਅੰਜਾਮ ਦਿੱਤਾ। ਦੋਵੇਂ ਅਪਰਾਧੀ ਇਕ ਗੈਂਗ ਦਾ ਹਿੱਸਾ ਹਨ। ਉਨ੍ਹਾਂ ਖਿਲਾਫ ਕਈ ਅਪਰਾਧਿਕ ਮਾਮਲੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਹਾਲਾਂਕਿ ਪੰਜਾਬ ਪੁਲਿਸ ਨੇ ਇਨ੍ਹਾਂ ਨਾਵਾਂ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਲਗਭਗ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿਚੋਂ 4 ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਦੋਂ ਕਿ 2 ਫਰਾਰ ਹਨ।
ਪਿਛਲੇ ਦਿਨੀਂ ਰਾਤ ਸਮੇਂ ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਥਾਣੇ ਵਿਚ ਰਾਕੇਟ ਲਾਂਚਰ ਦਾਗਿਆ ਗਿਆ ਸੀ। ਗਨੀਮਤ ਰਹੀ ਕਿ ਇਸ ਵਿਚ ਕਿਸੇ ਤਰ੍ਹਾਂ ਤੋਂ ਜਾਨ ਦਾ ਨੁਕਸਾਨ ਨਹੀਂ ਹੋਇਆ, ਉਸ ਦਾ ਧਮਾਕਾ ਨਹੀਂ ਹੋਇਆ। ਥਾਣੇ ਵਿਚ ਉਸ ਦੌਰਾਨ ਪੁਲਿਸ ਥਾਣਾ ਇੰਚਾਰਜ ਹਾਜ਼ਰ ਨਹੀਂ ਸਨ। ਪੁਲਿਸ ਦੇ ਹੋਰ ਮੁਲਾਜ਼ਮਾਂ ਨੇ ਫੋਨ ‘ਤੇ ਥਾਣਾ ਇੰਚਾਰਜ ਤੋਂ ਲੈ ਕੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹੈਰਾਨ ਕਰਨ ਵਾਲੀ ਗੱਲ ਕੋਈ ਤਤਕਾਲ ਕਾਰਵਾਈ ਕਰਨ ਨਹੀਂ ਪਹੁੰਚਿਆ। ਅਗਲੇ ਦਿਨ ਸਾਰੇ ਜਾ ਕੇ ਇਕੱਠੇ ਹੋਏ। ਇਸ ਮਾਮਲੇ ਵਿਚ ਥਾਣਾ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਕਰਨਾਟਕ ‘ਚ 5 ਸਾਲਾਂ ਬੱਚੀ ‘ਚ Zika ਵਾਇਰਸ ਦੀ ਪੁਸ਼ਟੀ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ
ਸੀਸੀਟੀਵੀ ਆਧਾਰ ‘ਤੇ ਪੁਲਿਸ ਨੇ 6 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਾਈਕ ਸਵਾਰ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁੱਛਗਿਛ ਵਿਚ ਮਾਮਲੇ ਦੇ ਤਾਰ ਗੋਇੰਦਵਾਲ ਜੇਲ੍ਹ ਨਾਲ ਜੁੜੇ। ਉਥੋਂ ਦੋ ਮੋਬਾਈਲ ਨੰਬਰ ਟਰੇਸ ਕੀਤੇ ਤਾਂ ਪਤਾ ਲੱਗਾ ਕਿ ਉਹ ਗੋਪੀ ਤੇ ਪ੍ਰੀਤ ਸਿੰਘ ਨਾਂ ਦੇ ਕੈਦੀ ਚਲਾ ਰਹੇ ਸਨ। ਦੋਵੇਂ ਕਥਿਤ ਦੋਸ਼ੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਪੁਲਿਸ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ। ਇਸ ਦੇ ਬਾਅਦ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਤਾਂ ਵਿਦੇਸ਼ ਵਿਚ ਬੈਠੇ ਕੇਐੱਲਐੱਫ ਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਨਾਂ ਸਾਹਮਣੇ ਆਇਆ। ਲੰਡਾ ਵਿਦੇਸ਼ ਤੋਂ ਪੰਜਾਬ ਖਿਲਾਫ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਨੌਜਵਾਨਾਂ ਨੂੰ ਪੈਸੇ ਦੇ ਲਾਲਚ ਵਿਚ ਫਸਾ ਕੇ, ਉਨ੍ਹਾਂ ਤੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦਾ ਹੈ। ਲੰਡਾ ਨੇ ਵਿਦੇਸ਼ ਤੋਂ ਫੰਡਿੰਗ ਕੀਤੀ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੈਸੇ ਬੈਂਕ ਖਾਤੇ ਵਿਚ ਪਾਏ ਗਏ ਜਾਂ ਫਿਰ ਹਵਾਲੇ ਰਾਹੀਂ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -: