ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ 9 ਦਿਨ ਪਹਿਲਾਂ 18 ਸਾਲਾ ਵੇਟਰ ਵਿੱਕੀ ਦਾ ਕਰੀਬ 5500 ਰੁਪਏ ਦੇ ਲੈਣ-ਦੇਣ ਲਈ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੀਏਯੂ ਥਾਣੇ ਦੀ ਪੁਲੀਸ ਨੇ ਟਰੇਸ ਕਰਕੇ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਮੁਲਜ਼ਮਾਂ ਨੇ ਮ੍ਰਿਤਕ ਵਿੱਕੀ ਦੇ ਦਿਲ ‘ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ |
ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਤਹਿਤ ਪੁਲਿਸ ਨੇ ਛਾਪਾ ਮਾਰ ਕੇ ਕਾਤਲਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਕਾਤਲਾਂ ਕੋਲੋਂ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀਆਂ ਨੂੰ ਹੰਬੜਾ ਰੋਡ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਸਾਰੇ ਦੋਸ਼ੀ ਸ਼ਹਿਰ ਛੱਡਣ ਵਾਲੇ ਸਨ। ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਬਾਲੂ, ਉਸ ਦੇ ਸਾਥੀ ਕ੍ਰਿਸ਼ਨ ਕੁਮਾਰ ਉਰਫ ਕ੍ਰਿਸ਼ਨ ਅਤੇ ਮਨਜਿੰਦਰ ਸਿੰਘ ਉਰਫ ਮਨੀ ਸੰਧੂ ਵਜੋਂ ਹੋਈ ਹੈ।
ਥਾਣਾ ਪੀਏਯੂ ਦੇ SHO ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਹੰਬੜਾ ਰੋਡ ’ਤੇ ਸਥਿਤ ਚਾਂਦ ਕਲੋਨੀ ਸਥਿਤ ਡੇਅਰੀ ਕੰਪਲੈਕਸ ਵਿੱਚ ਨੇਪਾਲੀ ਵੇਟਰ ਵਿੱਕੀ ਦਾ ਮੁਲਜ਼ਮਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਲੜਾਈ ਵਿੱਚ ਮ੍ਰਿਤਕ ਦੇ ਭਰਾ ਵਿਜੇ ਦੇ ਵੀ ਸੱਟਾਂ ਲੱਗੀਆਂ ਸਨ। ਵਿੱਕੀ ਬਲਵਿੰਦਰ ਸਿੰਘ ਬਾਲੂ ਦੇ ਅਧੀਨ ਕੰਮ ਕਰਦਾ ਸੀ, ਜੋ ਉਸ ਨੂੰ ਵੇਟਰ ਵਜੋਂ ਕੰਮ ਕਰਨ ਲਈ ਵੱਖ-ਵੱਖ ਸਮਾਗਮਾਂ ‘ਤੇ ਭੇਜਦਾ ਸੀ।
ਇਹ ਵੀ ਪੜ੍ਹੋ:ਲੁਧਿਆਣਾ ‘ਚ ਸੈਰ ਕਰ ਰਹੇ ਲੋਕਾਂ ਨੂੰ ਖੇਤਾਂ ‘ਚੋਂ ਮਿਲੀ ਲਾਪਤਾ ਵਿਦਿਆਰਥਣ ਦੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ
ਮ੍ਰਿਤਕ ਦੇ ਭਰਾ ਵਿਜੇ ਨੇ ਦੱਸਿਆ ਸੀ ਕਿ ਵਿੱਕੀ ਨੇ ਠੇਕੇਦਾਰ ਨੂੰ ਉਸ ਦਾ 5500 ਰੁਪਏ ਬਕਾਇਆ ਕਲੀਅਰ ਕਰਨ ਲਈ ਕਿਹਾ ਸੀ। 9 ਦਿਨ ਪਹਿਲਾਂ ਸੋਮਵਾਰ ਦੇਰ ਰਾਤ ਇਸ ਗੱਲ ਨੂੰ ਲੈ ਕੇ ਚਾਂਦ ਕਲੋਨੀ ‘ਚ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਮੁਲਜ਼ਮਾਂ ਨੇ ਵਿੱਕੀ ਦੀ ਪਿੱਠ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਸੀ। ਹਥਿਆਰ ਵਿੱਕੀ ਦੇ ਦਿਲ ਵਿੱਚ ਵੱਜਿਆ ਤੇ ਉਹ ਸੜਕ ’ਤੇ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। SHO ਨੇ ਦੱਸਿਆ ਕਿ ਮਨੀ ਸੰਧੂ ਖ਼ਿਲਾਫ਼ ਪਹਿਲਾਂ ਹੀ ਪੀਏਯੂ ਥਾਣੇ ਵਿੱਚ ਕੁੱਟਮਾਰ ਦਾ ਕੇਸ ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -: