ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਤੋਂ ਪੈਸੇ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮੈਂਬਰ ਨੂੰ 70 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ SSP ਬਟਾਲਾ ਆਈਪੀਐੱਸ ਸਤਿੰਦਰ ਸਿੰਘ ਤੇ ਐੱਸਪੀਡੀ ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਤਹਿਤ ਥਾਣਾ ਸਿਟੀ ਦੇ SHO ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਏਐੱਸਆਈ ਬਲਦੇਵ ਸਿੰਘ, ਪੀਸੀਆਰ ਬਟਾਲਾ ਦੇ ਇੰਚਾਰਜ ਐੱਸਆਈ ਓਂਕਾਰ ਸਿੰਘ ਤੇ ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਐੱਸਆਈ ਦਲਜੀਤ ਸਿੰਘ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਜਗਦੀਪ ਸਿੰਘ ਉਰਫ ਜਗਣਾ ਵਾਸੀ ਨਵੀ ਆਬਾਦੀ ਧਾਰੀਵਾਲ ਨੂੰ ਇਕ ਸਕੂਟੀ ਸਣੇ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਥਾਣਾ ਸਿਟੀ ਵਿਚ ਮੁਕੱਦਮਾ ਨੰ. 214 NDPS ਤਹਿਤ ਦਰਜ ਕਰ ਲਿਆ ਹੈ। ਪੁੱਛਗਿਛ ਦੌਰਾਨ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਢਿੱਲੋਂ, ਅਕਾਸੀ ਤੇ ਲੱਕੀ ਤਿੰਨੋਂ ਵਾਸੀ ਈਸਾ ਨਗਰ ਬਟਾਲਾ ਨਾਲ ਮਿਲ ਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਖੇਤਰਾਂ ਵਿਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣ ਦੇ ਬਹਾਨੇ ਉਨ੍ਹਾਂ ਕੋਲੋਂ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਸਨ।
ਜਗਦੀਪ ਸਿੰਘ ਨੇ 25 ਦਸੰਬਰ ਨੂੰ ਵੀ ਬਟਾਲਾ ਵਿਚ ਆਪਣੀ ਸਕੂਟੀ ‘ਤੇ ਸਵਾਰ ਹੋ ਕੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ ਵਿਅਕਤੀ ਤੋਂ 4500 ਰੁਪਏ ਖੋਹ ਲਏ ਸਨ। ਉਸ ਵਿਰੁੱਧ ਪਹਿਲਾਂ ਵੀ ਕਈ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਵਿਅਕਤੀ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : CIA ਪੁਲਿਸ ਦੀ ਕਾਰਵਾਈ, ਦੇਸੀ ਪਿਸਤੌਲ ਤੇ ਕਾਰਤੂਸ ਸਣੇ ਇੱਕ ਕਾਬੂ
ਇਸੇ ਤਰ੍ਹਾਂ ਸੀਆਈਏ ਸਟਾਫ ਬਟਾਲਾ ਦੇ ਏਐੱਸਆਈ ਜਗਤਾਰ ਸਿੰਘ ਨੇ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਖਤੀਬ ਮੋੜ ਬਟਾਲਾ ਤੋਂ ਦੀਪ ਵਾਸੀ ਰਾਊਵਾਲ ਥਾਣਾ ਕੋਟਲੀ ਸੂਰਤ ਮੱਲੀ ਨੂੰ 10 ਗ੍ਰਾਮ ਹੈਰੋਇਨ ਤੇ ਇਕ ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ। ਸਿੰਬਲ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਣੇ ਅਲੀਵਾਲ ਚੌਕ ਪੁਲ ਦੇ ਹੇਠਾਂ ਚੈਕਿੰਗ ਦੌਰਾਨ ਇਕ ਬਾਈਕ ਸਵਾਰ ਹਰਪ੍ਰੀਤ ਸਿੰਘ ਤੇ ਦਵਿੰਦਰ ਸਿੰਘ ਵਾਸੀ ਰਿਆਲੀ ਖੁਰਦ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਵੀਡੀਓ ਲਈ ਕਲਿੱਕ ਕਰੋ -: