ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਯੂ ਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰੀਸਰਚ ਸੈਂਟਰ, ਅਹਿਮਦਾਬਾਦ ਵਿੱਚ ਅੱਜ ਸਵੇਰੇ ਆਖਰੀ ਸਾਹ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਗਿਆ ਹੈ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਦੇ ਦੇਹਾਂਤ ਦੀ ਦੁਖਦ ਖਬਰ ਮਿਲੀ… ਇਕ ਮਾਂ ਦਾ ਜ਼ਿੰਦਗੀ ਤੋਂ ਜਾਣਾ ਜੀਵਨ ਦੀ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ। ਦੁੱਖ ਦੀ ਇਸ ਘੜੀ ਵਿਚ ਪ੍ਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਪ੍ਰਤੀ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ। ਭਗਵਾਨ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੂੰ ਸ਼ਰਧਾਂਜਲੀ ਦਿੱਤੀ। ਟਵੀਟ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੇ ਦੇਹਾਂਤ ਦੀ ਦੁਖਦਾਈ ਖਬਰ ਮਿਲੀ। ਮਾਂ ਦਾ ਜ਼ਿੰਦਗੀ ਵਿਚੋਂ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੁੱਖ ਦੀ ਇਸ ਘੜੀ ਵਿਚ ਮੇਰੀਆਂ ਦੁਆਵਾਂ ਮੋਦੀ ਜੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਤੇ ਟਵੀਟ ਕਰਦਿਆਂ ਕਿਹਾ ਕਿ ਮੇਰੀ PM ਮੋਦੀ ਨਾਲ ਦਿਲੀ ਹਮਦਰਦੀ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਈਸ਼ਵਰ ਦੀ ਰਚਨਾ ਇਸ ਸੰਸਾਰ ਵਿਚ ਮਾਂ ਤੇ ਪੁੱਤਰ ਦੇ ਬੰਧਨ ਤੋਂ ਅਨਮੋਲ ਕੁਝ ਵੀ ਨਹੀਂ ਹੈ। ਮਾਂ ਦਾ ਦੇਹਾਂਤ ਪੁੱਤਰ ਲਈ ਅਸਹਿਣਯੋਗ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਤਿਆਗ ਤੇ ਤਪੱਸਿਆ ਦਾ ਪ੍ਰੇਰਕ ਜੀਵਨ ਜੀਊਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੂਜਨੀਕ ਮਾਂ ਹੀਰਾ ਬੇਨ ਨੂੰ ਦਿਲੀ ਸ਼ਰਧਾਂਜਲੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਫਸੋਸ ਪ੍ਰਗਟ ਕੀਤਾ ਤੇ ਟਵੀਟ ਕਰਦਿਆਂ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਦੇ ਦੇਹਾਂਤ ‘ਤੇ ਮੇਰੀ ਤਹਿ ਦਿਲੋਂ ਸੰਵੇਦਨਾ ਹੈ। ਅਸੀਂ ਇਸ ਦੁੱਖ ਅਤੇ ਘਾਟੇ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਖੜੇ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਅਹਿਮਦਾਬਾਦ ਦੇ ਹਸਪਤਾਲ ‘ਚ ਦਾਖਲ ਸਨ ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਸਾਡੇ ਤਿੰਨ ਵਜੇ ਅੰਤਿਮ ਸਾਹ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿੱਚ ਅੰਤ ਹੋਇਆ ਹੈ…ਮਾਂ ਵਿੱਚ ਮੈਂ ਹਮੇਸ਼ਾ ਤ੍ਰਿਮੂਰਤੀ ਦਾ ਅਹਿਸਾਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਚਿੰਨ੍ਹ ਅਤੇ ਮੁੱਲਾਂ ਲਈ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: