ਭਾਰਤ ਦੇ ਉੱਤਰੀ ਇਲਾਕੇ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਜਿਸ ਕਾਰਨ ਘੱਟੋ-ਘੱਟ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਗਈ। ਪੱਛਮੀ ਗੜਬੜੀ ਕਾਰਨ ਕੁਝ ਰਾਹਤ ਮਿਲਣ ਦੇ ਆਸਾਰ ਹਨ ਪਰ ਉਸ ਤੋਂ ਪਹਿਲਾਂ ਸਰਦੀ ਹੋਰ ਵਧੇਗੀ। ਉੱਤਰ ਪੱਛਮੀ ਭਾਰਤ ਵਿਚ ਰਾਜਸਥਾਨ ਦੇ ਸੀਰਕ ਜ਼ਿਲ੍ਹੇ ਦਾ ਫਤਿਹਪੁਰ ਸਭ ਤੋਂ ਠੰਡੀ ਜਗ੍ਹਾ ਰਹੀ, ਜਿਥੋਂ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਪੰਜਾਬ ਦੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਪੱਛਮੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਐਤਵਾਰ ਨੂੰ ਸੀਤ ਲਹਿਰ ਚੱਲਣ ਨਾਲ ਸਰਦੀ ਬਹੁਤ ਜ਼ਿਆਦਾ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਉੱਤਰ-ਪੱਛਮ ਤੇ ਦੱਖਣ-ਪੂਰਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਇਕ ਤੋਂ 3 ਡਿਗਰੀ ਸੈਲਸੀਅਸ ਵਿਚ ਦਰਜ ਕੀਤਾ ਗਿਆ। ਪੰਜਾਬ, ਹਰਿਆਣਾ, ਦਿੱਲੀ ਤੇ ਦੱਖਣ-ਪੱਛਮ ਉੱਤਰ ਪ੍ਰਦੇਸ਼ ਵਿਚ ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਦੇ ਵਿਚ ਦਰਜ ਰਿਹਾ।
ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਲੁਧਿਆਣਾ ਵਿਚ 4.9, ਪਟਿਆਲਾ ‘ਚ 4.2, ਪਠਾਨਕੋਟ ‘ਚ 8, ਬਠਿੰਡਾ ‘ਚ 1 ਤੇ ਗੁਰਦਾਸਪੁਰ ‘ਚ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ-ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਪੂਰਬੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿਚ ਘੱਟੋ-ਘੱਟ ਤਾਪਮਾਨ ਵਿਚ 4 ਤੋਂ 7 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਤਾਨ ਵਿਚ ਸੀਤਲਹਿਰ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਦੇਸ਼ ਨੂੰ ਦਿੱਤੀ 8ਵੀਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿਚ 16 ਤੋਂ 18 ਜਨਵਰੀ ਵਿਚ ਬਰਫ ਜੰਮਣ ਦੀ ਸ਼ੰਕਾ ਹੈ। ਕਸ਼ਮੀਰ ਵਿਚ ਜ਼ਿਆਦਾਤਰ ਥਾਵਾਂ ‘ਤੇ ਰਾਤ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ। ਸ਼੍ਰੀਨਗਰ ਵਿਚ ਰਾਤ ਨੂੰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 0.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਸ਼ੁੱਕਰਵਾਰ ਦੀ ਰਾਤ ਦੇ ਮੁਕਾਬਲੇ ਅੱਧਾ ਡਿਗਰੀ ਘੱਟ ਸੀ। ਕੁਪਵਾੜਾ ਜ਼ਿਲ੍ਹੇ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 1.3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਅਨੰਤਨਾਗ ਜਿਲ੍ਹੇ ਦੇ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10.9 ਡਿਗਰੀ ਸੈਲਸੀਅਸ ਹੇਠਾਂ ਰਿਹਾ ਜੋ ਪਿਛਲੀ ਰਾਤ ਦੇ ਮੁਕਾਬਲੇ 5 ਡਿਗਰੀ ਘੱਟ ਸੀ।
ਵੀਡੀਓ ਲਈ ਕਲਿੱਕ ਕਰੋ -: