ਬਿਜਲੀ ਚੋਰੀ ਕਰਕੇ ਪਾਵਰਕਾਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਚੋਰਾਂ ‘ਤੇ ਕਾਰਵਾਈ ਕਰਨ ਲਈ ਪਾਵਰਕਾਮ ਦੀ ਇਨਫੋਰਸਮੈਂਟ ਵਿੰਗ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ। ਨਵੇਂ ਸਾਲ ਵਿਚ ਇਨਫੋਰਸਮੈਂਟ ਵਿੰਗ 1 ਤੋਂ 16 ਜਨਵਰੀ ਤੱਕ ਜ਼ਿਲ੍ਹੇ ਭਰ ਵਿਚ 4047 ਉਪਭੋਗਤਾਵਾਂ ਦੇ ਬਿਜਲੀ ਕੁਨੈਕਸ਼ਨ ਚੈੱਕ ਕੀਤੇ ਗਏ ਜਿਸ ਵਿਚ ਈਸਟ ਸਰਕਲ, ਵੈਸਟ ਸਰਕਲ, ਸਬਅਰਬਨ ਸਰਕਲ, ਖੰਨਾ ਸਰਕਲ ਸ਼ਾਮਲ ਹਨ। 23 ਟੀਮਾਂ ਨੇ ਚੈਕਿੰਗ ਦੌਰਾਨ 453 ਬਿਜਲੀ ਚੋਰੀ ਦੇ ਕੇਸ ਫੜੇ ਹਨ ਜਿਨ੍ਹਾਂ ਨੂੰ 63.13 ਲੱਖ ਜੁਰਮਾਨਾ ਲਗਾਇਆ ਗਿਆ ਹੈ।
ਚੀਫ ਇੰਜੀਨੀਅਰ ਐੱਸਆਰ ਵਸ਼ਿਸ਼ਟ ਤੇ ਇਨਫੋਰਸਮੈਂਟ ਐੱਸਸੀ ਬੀਐੱਸ ਸਿੱਧੂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੀ ਟੀਮ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਚੈਕਿੰਗ ਸ਼ੁਰੂ ਕੀਤੀ ਗਈ ਸੀ ਜਿਸ ਲਈ ਟੀਮਾਂ ਬਣਾਈਆਂ ਗਈਆਂ ਹਨ। ਚੈਕਿੰਗ ਦੌਰਾਨ ਸਿੱਧੀ ਕੁੰਡੀ ਤੇ ਮੀਟਰ ਰੋਕਣ ਦੇ ਕੇਸ ਸਾਹਮਣੇ ਆਏ ਹਨ ਜਿਸ ਜ਼ਰੀਏ ਪਾਵਰਕਾਮ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਬਿਜਲੀ ਚੋਰਾਂ ਨੂੰ 16 ਦਿਨਾਂ ਵਿਚ 453 ਉਪਭੋਗਤਾਵਾਂ ਨੂੰ ਕੁੱਲ 63.13 ਲੱਖ ਦਾ ਜੁਰਮਾਨਾ ਪਾਇਆ ਗਿਆ ਹੈ।
ਟੀਮ ਵੱਲੋਂ ਈਸਟ ਸਰਕਲ ਵਿਚ 592 ਕਨੈਕਸ਼ਨ ਚੈੱਕ ਕੀਤੇ ਗਏ ਜਿਸ ਵਿਚ 157 ਬਿਜਲੀ ਚੋਰੀ ਦੇ ਕੇਸ ਸਾਹਮਣੇ ਆਏ ਤੇ 22.30 ਲੱਖ ਜੁਰਮਾਨਾ ਕੀਤਾ ਗਿਆ। ਵੈਸਟ ਸਰਕਲ ਵਿਚ 2366 ਕੁਨੈਕਸ਼ਨ ਚੈੱਕ ਕੀਤੇ ਜਿਸ ਵਿਚੋਂ 79 ਕੇਸ ਬਿਜਲੀ ਚੋਰੀ ਦੇ ਫੜੇ ਤੇ 20.16 ਲੱਖ ਜੁਰਮਾਨਾ ਕੀਤਾ। ਸਰ-ਅਰਬਨ ਸਰਕਲ ਵਿਚ 753 ਕਨੈਕਸ਼ਨ ਚੈੱਕ ਕੀਤੇ ਤੇ 123 ਕੇਸ ਸਾਹਮਣੇ ਆਏ ਜਿਨ੍ਹਾਂ ਨੂੰ 14.90 ਲੱਖ ਜੁਰਮਾਨਾ ਕੀਤਾ ਗਿਆ। ਖੰਨਾ ਸਰਕਲ ਵਿਚ 336 ਕਨੈਕਸ਼ਨ ਚੈੱਕ ਕੀਤੇ ਤੇ 94 ਕੇਸ ਸਾਹਮਣੇ ਆਏ ਤੇ 5.77 ਲੱਖ ਜੁਰਮਾਨਾ ਕੀਤਾ ਗਿਆ।
ਬਿਜਲੀ ਚੋਰੀ ਖਿਲਾਫ ਪੰਜਾਬ ਸਰਕਾਰ ਤੇ ਪਾਵਰਕਾਮ ਵੱਲੋਂ ਮਿਲ ਕੇ ਸ਼ੁਰੂ ਕੀਤੀ ਗਈ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਆਪਣਾ ਕੰਮ ਕਰਦੀ ਰਹੇਗੀ। ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: