ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਸ਼ਨੀਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ, ਜਿਸ ਤੋਂ ਬਾਅਦ ਉਹ ਆਪਣੀ ਮੂੰਹਬੋਲੀ ਧੀ ਹਨੀਪ੍ਰੀਤ ਨਾਲ ਸਖ਼ਤ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸਖਤ ਨਿੰਦਾ ਕੀਤੀ।
ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਗਈ ਪਰ ਸਜ਼ਾ ਕੱਟ ਚੁੱਕੇ ਬੰਦੀ ਸਿੰਘ ਅਜੇ ਵੀ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਹਨ।
ਉਨ੍ਹਾਂ ਕਿਹਾ ਕਿ ਰੇਪ ਅਤੇ ਮਰਡਰ ਦੇ ਦੋਸ਼ੀ ਨੂੰ ਖੁਸ਼ ਕਰਨ ਲਈ ਕਿਸੇ ਸਰਕਾਰ ਨੂੰ ਇੰਨਾ ਪਿੱਛੇ ਵੱਲ ਝੁਕਦੇ ਹੋਏ ਨਹੀਂ ਵੇਖਿਆ। ਇਸ ਨਾਲ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦੇ ਨਾਲ-ਨਾਲ ਸਰਕਾਰ ਦੀਆਂ ਦਿਖਾਵਟੀ ਹਰਕਤਾਂ ਪਿੱਛੇ ਦੀ ਸਿੱਖ ਵਿਰੋਧੀ ਮਨਸ਼ਾ ਦਾ ਪਰਦਾਫਾਸ਼ ਹੁੰਦਾ ਹੈ। ਅਕਾਲੀ ਦਲ ਇਸ ਦੀ ਸਖਤ ਨਿੰਦਾ ਕਰਦਾ ਹੈ।
ਰਾਮ ਰਹੀਮ ਸ਼ਾਮ 5 ਵਜੇ ਸੋਸ਼ਲ ਮੀਡੀਆ ‘ਤੇ ਲਾਈਵ ਹੋਇਆ ਅਤੇ ਕਿਹਾ ਕਿ ਸਾਡੇ ਕਰੋੜਾਂ ਬੱਚਿਆਂ ਨੂੰ ਅਵਤਾਰ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ। ਤੁਹਾਡੀ ਸੇਵਾ ਲਈ ਫਿਰ ਤੋਂ ਬੇਪਰਵਾਹ ਨੇ ਸਮਾਂ ਦਿੱਤਾ ਹੈ। ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ। ਯੂਪੀ ਵਿੱਚ ਪਹੁੰਚ ਚੁੱਕੇ ਹਾਂ।
ਉਸ ਨੇ ਕਿਹਾ ਕਿ ਪਹਿਲੀ ਵਾਲੀ ਗੱਲ ਤੁਸੀਂ ਆਪਣੇ ਘਰਾਂ ਵਿੱਚ ਰਹੋ। ਜ਼ਿੰਮੇਦਾਰਾਂ ਦੇ ਹੁਕਮਾਂ ਅੱਗੇ ਦੇ ਪ੍ਰੋਗਰਾਮ ‘ਤੇ ਚੱਲਣੇ ਹਾਂ। ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਅਵਤਾਰ ਦਿਵਸ ‘ਤੇ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਤੁਸੀਂ ਸਾਰੇ ਖੁਸ਼ੀਆਂ ਨਾਓ। ਤੁਹਾਡੇ ਨਾਲ ਲਾਈਵ ਕਰਾਂਗੇ। ਭਗਵਾਨ ਤੁਹਾਨੂੰ ਖੁਸ਼ੀਆਂ ਦੇਵੇ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਦੀ ਵਿਗੜੀ ਤਬੀਅਤ, PGI ਭਰਤੀ, ‘ਭਾਰਤ ਜੋੜੋ ਯਾਤਰਾ’ ਦੌਰਾਨ ਹੋਈ ਸੀ ਘਬਰਾਹਟ
ਦੂਜੇ ਪਾਸੇ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਕਿਹਾ ਕਿ ਸਰਕਾਰ ਡੇਰੇ ਅੱਗੇ ਝੁਕ ਰਹੀ ਹੈ ਅਤੇ ਰਾਮ ਰਹੀਮ ਆਪਣਾ ਪ੍ਰਭਾਵ ਵਰਤ ਰਿਹਾ ਹੈ। ਸਰਕਾਰੀ ਤੰਤਰ ਉਸ ਦੇ ਸਾਹਮਣੇ ਦੱਬਿਆ ਹੋਇਆ ਹੈ।
ਦੂਜੇ ਪਾਸੇ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੇਟਸ ਵੀ ਅਪਲੋਡ ਕੀਤਾ ਅਤੇ ਰਾਮ ਰਹੀਮ ਨਾਲ ਆਪਣੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ। ਰਾਮ ਰਹੀਮ ਨੂੰ ਕੱਲ੍ਹ 40 ਦਿਨਾਂ ਦੀ ਪੈਰੋਲ ਮਿਲੀ ਸੀ। ਉਹ ਪਿਛਲੇ 54 ਦਿਨਾਂ ਵਿੱਚ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ ‘ਚ ਆਏਗਾ। ਉਧਰ ਸਿਰਸਾ ਵਿੱਚ ਡੇਰਾ ਪ੍ਰੇਮੀਆਂ ਨੇ ਪੈਰੋਲ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਠਿਆਈਆਂ ਵੰਡੀਆਂ।