ਰੈਸਲਰਸ ਤੇ WFI ਦੇ ਵਿਵਾਦ ਵਿਚ ਨਿਗਰਾਨੀ ਲਈ ਸੋਮਵਾਰ ਨੂੰ 5 ਮੈਂਬਰਾਂ ਦੀ ਓਵਰਸਾਈਟ ਕਮੇਟੀ ਬਣਾ ਦਿੱਤੀ ਗਈ ਹੈ। ਵਰਲਡ ਚੈਂਪੀਅਨ ਬਾਕਸਰ ਮੇਰੀ ਕਾਮ ਇਸ ਦੀ ਪ੍ਰਧਾਨ ਹੋਵੇਗੀ। ਕਮੇਟੀ ਦੇ ਹੋਰ ਮੈਂਬਰਾਂ ਵਿਚ ਓਲੰਪਿਕ ਤਮਗਾ ਜੇਤੂ ਯੋਗੇਸ਼ਵਰ ਦੱਤ, ਦ੍ਰੋਣਾਚਾਰੀਆ ਐਵਾਰਡੀ ਤ੍ਰਿਪਤੀ ਮੁਰਗੁੰਡੇ, TOPS CEO ਰਾਜਗੋਪਾਲਨ ਰਾਧਾ ਸ਼੍ਰੀਮਨ ਸ਼ਾਮਲ ਹਨ। ਇਹ ਕਮੇਟੀ ਇਕ ਮਹੀਨੇ ਵਿਚ ਪਹਿਲਵਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰੇਗੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ।
ਪਹਿਲਵਾਨਾਂ ਦੇ ਦੋਸ਼ਾਂ ਦੇ ਬਾਅਦ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਕੁਸ਼ਤੀ ਸੰਘ ਦਾ ਕੰਮਕਾਜ ਦੇਖਣ ‘ਤੇ ਰੋਕ ਲਗਾਈ ਗਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ ਆਪਣੇ ਅਹੁਦੇ ‘ਤੇ ਕੰਮ ਨਹੀਂ ਕਰਨਗੇ, ਉਸ ਤੋਂ ਦੂਰ ਰਹਿਣਗੇ। ਉਨ੍ਹਾਂ ‘ਤੇ ਜੋ ਗੰਭੀਰ ਦੋਸ਼ ਲੱਗੇ ਹਨ, ਉਸ ਦੀ ਜਾਂਚ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਮੇਰੀ ਕਾਮ ਨੂੰ ਕਮੇਟੀ ਦਾ ਪ੍ਰਧਾਨ ਬਣਾ ਰਹੇ ਹਾਂ। 5 ਲੋਕਾਂ ਦੀ ਕਮੇਟੀ ਮੈਰੀ ਕਾਮ ਦੀ ਪ੍ਰਧਾਨਗੀ ਵਿਚ ਬਣੇਗੀ। ਕੁਸ਼ਤੀ ਸੰਘ ਦਾ ਕੰਮਕਾਜ ਹੁਣ ਇਹ ਨਿਗਰਾਨ ਕਮੇਟੀ ਦੇਖੇਗੀ। ਕੇਂਦਰ ਨੇ ਕਿਹਾ ਸੀ ਕਿ ਕੁਸ਼ਤੀ ਮਹਾਸੰਘ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਉਦੋਂ ਤੱਕ ਲਈ ਮੁਲਤਵੀ ਕੀਤਾ ਗਿਆ ਹੈ ਜਦੋਂ ਤਕ ਕਿ ਓਵਰਸਾਈਟ ਕਮੇਟੀ ਰਸਮੀ ਤੌਰ ‘ਤੇ ਨਿਯੁਕਤ ਨਹੀਂ ਹੁੰਦੀ। ਇਸ ਤੋਂ ਪਹਿਲਾਂ ਸਰਕਾਰ ਤੋਂ ਭਰੋਸੇ ਮਿਲਣ ਦੇ ਬਾਅਦ ਖਿਡਾਰੀਆਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਮਰਹੂਮ ਸੰਤੋਖ ਚੌਧਰੀ ਦੇ ਘਰ ਪਹੁੰਚੀ MP ਪ੍ਰਨੀਤ ਕੌਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਦੂਜੇ ਪਾਸੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ। ਪਹਿਲਵਾਨਾਂ ਦੇ ਦੋਸ਼ਾਂ ਦੇ ਬਾਅਦ ਖੇਡ ਮੰਤਰਾਲੇ ਨੇ WFI ਤੋਂ 72 ਘੰਟੇ ਵਿਚ ਜਵਾਬ ਮੰਗਿਆ ਸੀ ਜਿਸ ‘ਤੇ WFI ਨੇ ਪ੍ਰਧਾਨ ਖਿਲਾਫ ਜਿਣਸੀ ਸ਼ੋਸ਼ਣ ਸਣੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਖੇਡ ਵਿਚ ਤਾਨਾਸ਼ਾਹੀ ਤੇ ਮਾੜੇ ਪ੍ਰਬੰਧ ਦੀ ਕੋਈ ਗੁੰਜਾਇਸ਼ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: