ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ 30 ਰੁਪਏ ਪਿੱਛੇ ਕੁੱਟ-ਕੁੱਟ ਕੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋ ਭਰਾਵਾਂ ਨੇ ਸਿਰਫ 30 ਰੁਪਏ ਲਈ ਹੋਏ ਵਿਵਾਦ ਵਿਚ ਇਕ ਵਿਅਕਤੀ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਾਬੂ ਜਗਜੀਵਨ ਰਾਮ ਹਸਪਤਾਲ ਭੇਜਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਦੋਸ਼ੀ ਭਰਾਵਾਂ ਰਾਹੁਲ ਤੇ ਹਰੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਤੇ ਕੱਪੜੇ ਬਰਾਮਦ ਕਰ ਲਏ ਹਨ। ਪੁਲਿਸ ਨੇ ਦੱਸਿਆ ਕਿ ਮਾਡਲ ਟਾਊਨ ਥਾਣਾ ਪੁਲਿਸ ਨੂੰ ਸ਼ਾਮ ਨੂੰ ਇਕ ਪੀਸੀਆਰ ਕਾਲ ਤੋਂ ਪਤਾ ਲੱਗਾ ਕਿ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਇਕ ਵਿਅਕਤੀ ਸੜਕ ‘ਤੇ ਪਿਆ ਹੋਇਆ ਹੈ, ਜਿਸ ਦੇ ਪੇਟ ਵਿਚ ਚਾਕੂ ਮਾਰੇ ਗਏ ਹਨ। ਪੁਲਿਸ ਨੇ ਉਸ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਭੇਜਿਆ ਜਿਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ, ਜੋ ਕਿ ਗੁਡ ਮੰਡੀ ਮਾਡਲ ਟਾਊਨ ਵਿਚ ਰਹਿੰਦਾ ਸੀ। ਸੋਨੂੰ ਵਿਆਹਿਆ ਹੋਇਆ ਹੈ ਤੇ ਉਸ ਦੇ ਚਾਰ ਬੱਚੇ ਹਨ। ਸੋਨੂੰ ਵਿਆਹ ਸਮਾਰੋਹ ਵਿਚ ਕੈਟਰਿੰਗ ਦਾ ਕੰਮ ਕਰਦਾ ਸੀ। ਸੋਨੂੰ ਨਾਲ ਰਾਹੁਲ ਵੀ ਕੰਮ ਕਰਦਾ ਸੀ। ਪੁੱਛਗਿਛ ਵਿਚ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਸਿਰਫ 30 ਰੁਪਏ ਲਈ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕਾਰਵਾਈ, 8 ਰਾਈਸ ਮਿੱਲਾਂ ਨੂੰ ਕੀਤਾ ਬਲੈਕਲਿਸਟ
ਮਿਲੀ ਜਾਣਕਾਰੀ ਮੁਤਾਬਕ ਸੋਨੂੰ ਤੇ ਮੁਲਜ਼ਮਾਂ ਵਿਚ 30 ਰੁਪਏ ਨੂੰ ਲੈ ਕੇ ਵਿਵਾਦ ਹੋਇਆ ਸੀ। ਬੀਤੀ ਸ਼ਾਮ ਰਾਹੁਲ ਆਪਣੇ ਭਰਾ ਹਰੀਸ਼ ਨਾਲ ਸੋਨੂੰ ਨਾਲ ਪੈਸੇ ਲੈਣ ਆਇਆ ਸੀ ਤੇ ਸੋਨੂੰ ਨੂੰ ਸਬਕ ਸਿਖਾਉਣ ਲਈ ਚਾਕੂ ਵੀ ਨਾਲ ਲਿਆਏ ਸਨ। ਦੋਵੇਂ ਮੁਲਜ਼ਮਾਂ ਤੇ ਸੋਨੂੰ ਵਿਚ ਪੈਸੇ ਨੂੰ ਲੈ ਕੇ ਬਹਿਸ ਹੋਈ। ਇਸ ਦੇ ਬਾਅਦ ਹੱਥੋਂਪਾਈ ਹੋਣ ਲੱਗੀ। ਇਸ ਦੌਰਾਨ ਦੋਵੇਂ ਭਰਾਵਾਂ ਨੇ ਸੋਨੂੰ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਬਾਅਦ ਸੋਨੂੰ ਦੇ ਪੇਟ ਵਿਚ ਚਾਕੂ ਨਾਲ ਕਈ ਵਾਰ ਕੀਤੇ ਤੇ ਸੋਨੂੰ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਗਿਆ। ਪੁਲਿਸ ਨੇ ਦੋਵੇਂ ਭਰਾਵਾਂ ਰਾਹੁਲ ਤੇ ਹਰੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: