ਪੰਜਾਬ ਦੇ ਅੰਮ੍ਰਿਤਸਰ ‘ਚ ਪੁਰਾਣੀ ਦੁਸ਼ਮਣੀ ਕਾਰਨ ਕੁਝ ਨੌਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਮਾਮਲਾ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ ਦਾ ਹੈ। ਇਸ ਗੋਲੀਬਾਰੀ ‘ਚ ਇਕ ਗੋਲੀ ਉੱਥੋਂ ਲੰਘ ਰਹੇ ਨੌਜਵਾਨ ਦੀ ਲੱਤ ਵਿੱਚ ਲੱਗੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਇਸੇ ਝਗੜੇ ਵਿਚ ਇਕ 80 ਸਾਲਾ ਵਿਅਕਤੀ ਨੂੰ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਦੋਵਾਂ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ੀ ਵਿਹਾਰ ਦੇ ਰਹਿਣ ਵਾਲੇ ਰਤਨਾ ਲਾਲ ਨੇ ਦੱਸਿਆ ਕਿ ਤਿੰਨ-ਚਾਰ ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ। ਉਨ੍ਹਾਂ ਦੱਸਿਆ ਇਹ ਝਗੜਾ ਕਿਸੇ ਹੋਰ ਨਾਲ ਨਹੀਂ ਸਗੋਂ ਉਸ ਦੀ ਨੂੰਹ ਅਤੇ ਉਸ ਦੇ ਪੋਤੇ ਦਾ ਚੱਲ ਰਿਹਾ ਹੈ। ਦੇਰ ਰਾਤ ਉਸ ਨੂੰ ਆਪਣੇ ਘਰ ਫੋਨ ਆਇਆ ਤਾਂ ਉਸ ਦਾ ਪੋਤਾ ਆਪਣੇ ਇਕ-ਦੋ ਸਾਥੀਆਂ ਨਾਲ ਕਾਲੀ ਮਾਤਾ ਮੰਦਰ ਨੇੜੇ ਪਹੁੰਚ ਗਿਆ। ਪੋਤਰੇ ਨੂੰ ਇਕੱਲਾ ਜਾਂਦਾ ਦੇਖ ਕੇ ਉਹ ਤੇ ਪਰਿਵਾਰਕ ਮੈਂਬਰ ਵੀ ਪਿੱਛੇ ਹੋ ਗਏ। ਦੂਜੇ ਪਾਸੇ ਤੋਂ ਨੌਜਵਾਨ 20-22 ਲੜਕਿਆਂ ਨੂੰ ਆਪਣੇ ਨਾਲ ਲੈ ਕੇ ਆਏ ਸਨ।
ਸੂਚਨਾ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਉਨ੍ਹਾਂ ‘ਤੇ ਦਾਤਰ ਤੇ ਫਿਰ ਇੱਟਾਂ ਰੋੜ੍ਹਿਆ ਨਾਲ ਹਮਲਾ ਕੀਤਾ। ਅੰਤ ‘ਚ ਹਮਲਾਵਰਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਸ ਵਿੱਚੋਂ ਇੱਕ ਗੋਲੀ 20 ਸਾਲਾ ਬਲਦੇਵ ਸਿੰਘ ਨੂੰ ਲੱਗੀ। ਜ਼ਖ਼ਮੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਨੌਕਰੀ ਤੋਂ ਵਾਪਸ ਆਇਆ ਸੀ। ਪੰਡੋਰੀ ਵਾਸੀ ਸੰਨੀ ਵੜੈਚ ਅਤੇ ਗੰਡਾ ਸਿੰਘ ਕਲੋਨੀ ਵਾਸੀ ਯੁਵੀ ਆਪਸ ਵਿੱਚ ਲੜ ਰਹੇ ਸਨ। ਇਸ ਦੌਰਾਨ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ। ਇਸ ‘ਤੋਂ ਬਾਅਦ ਉਹ ਦੋ ਘੰਟੇ ਥਾਣੇ ਵਿੱਚ ਬੈਠਾ ਰਿਹਾ। ਉਸ ਦੀ ਲੱਤ ਵਿੱਚੋਂ ਵਗਦਾ ਖੂਨ ਦੇਖ ਕੇ ਵੀ ਕਿਸੇ ਨੂੰ ਉਸ ’ਤੇ ਤਰਸ ਨਹੀਂ ਆਇਆ।
ਇਹ ਵੀ ਪੜ੍ਹੋ : ਜਲੰਧਰ : ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, 20 ਗੱਡੀਆਂ ਨੇ ਪਾਇਆ ਕਾਬੂ
ਜਦੋਂ ਇਹ ਮਾਮਲਾ ਸਦਰ ਥਾਣੇ ਪੁੱਜਾ ਤਾਂ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ, ਜਿਸ ’ਤੇ ਕਾਰਵਾਈ ਜਾਰੀ ਹੈ। ਇਸ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਚਸ਼ਮਦੀਦਾਂ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: