ਡਰੋਨ ‘ਤੋਂ ਬਾਅਦ ਹੁਣ ਟਰੇਨ ਰਾਹੀਂ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਰੇਵਾੜੀ ਜੰਕਸ਼ਨ ‘ਤੇ ਰੇਲਗੱਡੀ ਰਾਹੀਂ ਨਸ਼ੇ ਦੀ ਤਸਕਰੀ ਕਰ ਰਹੇ ਤਿੰਨ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ। ਇਹ ਤਿੰਨੋਂ ਤਸਕਰ ਰਾਜਸਥਾਨ ਤੋਂ ਡੋਡਾ ਪੋਸਟ ਅਤੇ ਅਫੀਮ ਲੈ ਕੇ ਪੰਜਾਬ ਦੇ ਬਠਿੰਡਾ ਜਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਜਗਸੀਰ, ਸਤਪਾਲ ਸਿੰਘ ਅਤੇ ਇਕਬਾਲ ਸਿੰਘ ਵਾਸੀ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਉਕਤ ਮੁਲਜਮਾਂ ਕੋਲੋਂ 62 ਕਿਲੋ ਡੋਡਾ ਭੁੱਕੀ ਅਤੇ ਅਫੀਮ ਬਰਾਮਦ ਕੀਤੀ ਹੈ।
ਜਾਣਕਰੀ ਅਨੁਸਾਰ ਰੇਵਾੜੀ GRP ਅਤੇ RPF ਦੇ ਜਵਾਨ ਮੰਗਲਵਾਰ ਰਾਤ ਨੂੰ ਜੰਕਸ਼ਨ ‘ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਿਸ ਟੀਮ ਨੇ ਪਲੇਟਫਾਰਮ ਨੰਬਰ-7 ’ਤੇ ਵਿਹੜੇ ਵਿੱਚੋਂ ਇੱਕ ਨੌਜਵਾਨ ਨੂੰ ਬੈਗ ਲੈ ਕੇ ਜਾਂਦੇ ਦੇਖਿਆ। ਸਾਹਮਣੇ ਤੋਂ ਪੁਲਿਸ ਮੁਲਾਜ਼ਮਾਂ ਨੂੰ ਆਉਂਦਾ ਦੇਖ ਕੇ ਨੌਜਵਾਨ ਪਿੱਛੇ ਮੁੜਿਆ ਅਤੇ ਸਟੇਸ਼ਨ ਤੋਂ ਬਾਹਰ ਚਲਾ ਗਿਆ। ਜਿਸ ‘ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਅਤੇ ਟੀਮ ਨੇ ਨੌਜਵਾਨ ਨੂੰ ਕਾਬੂ ਕੀਤਾ। ਪੁਲਿਸ ਨੇ ਜਦੋਂ ਉਸ ਕੋਲੋਂ ਬੈਗ ਵਿੱਚ ਪਏ ਸਮਾਨ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ। ਪੁਲਿਸ ਨੇ ਜਦੋਂ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਭੁੱਕੀ ਭਰੀ ਹੋਈ ਸੀ।
ਪੁਲਿਸ ਦੀ ਟੀਮ ਨੇ ਇਸ ਦੀ ਸੂਚਨਾ ਡਿਊਟੀ ਮੈਜਿਸਟ੍ਰੇਟ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਡਿਊਟੀ ਮੈਜਿਸਟ੍ਰੇਟ ਮੌਕੇ ‘ਤੇ ਪੁਜੇ ਅਤੇ ਉਨ੍ਹਾਂ ਦੀ ਹਾਜ਼ਰੀ ‘ਚ ਤਲਾਸ਼ੀ ਦੌਰਾਨ ਬੈਗ ‘ਚੋਂ ਭੁੱਕੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਛਾਣ ਬਠਿੰਡਾ ਦੇ ਕਸਬਾ ਮਾਹੀ ਨੰਗਲ ਦੇ ਰਹਿਣ ਵਾਲੇ ਜਗਸੀਰ ਵਜੋਂ ਦੱਸੀ। ਇਸ ਤੋਂ ਬਾਅਦ ਪੁਲਿਸ ਨੇ ਰੇਵਾੜੀ ਸਟੇਸ਼ਨ ਤੋਂ ਹੀ ਉਸਦੇ ਦੋ ਹੋਰ ਸਾਥੀ ਸਤਪਾਲ ਸਿੰਘ ਅਤੇ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਇਹ ਦੋਵੇਂ ਮੁਲਜ਼ਮ ਵੀ ਮਾਹੀ ਨੰਗਲ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਸਫਾਰੀ ਦੀ ਟੱਕਰ ਕਾਰਨ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਪਲਟੀ, 25 ਲੋਕ ਜ਼ਖਮੀ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਰਾਜਸਥਾਨ ਤੋਂ ਨਸ਼ੀਲਾ ਪਦਾਰਥ ਲੈ ਕੇ ਪੰਜਾਬ ਜਾ ਰਹੇ ਸਨ। GRP ਥਾਣੇ ਦੀ ਪੁਲਿਸ ਨੇ ਜਗਸੀਰ ਕੋਲੋਂ 21.918 ਕਿਲੋ ਭੁੱਕੀ, ਸਤਪਾਲ ਸਿੰਘ ਕੋਲੋਂ 13.044 ਕਿਲੋ ਭੁੱਕੀ ਅਤੇ 216 ਗ੍ਰਾਮ ਅਫੀਮ ਅਤੇ ਇਕਬਾਲ ਸਿੰਘ ਕੋਲੋਂ 17.732 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: