ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਦੇਸ਼ ਵਿਚ ਗਡਕਰੀ ਦੇ ਬਿਆਨ ਦੀ ਚਰਚਾ ਹੋ ਰਹੀ ਹੈ। ਇਕ ਪ੍ਰੋਗਰਾਮ ਦੌਰਾਨ ਭਾਸ਼ਣ ਦਿੰਦੇ ਹੋਏ ਗਡਕਰੀ ਨੇ ਕਿਹਾ ਕਿ ਜੇਕਰ ਤੁਹਾਨੂੰ ਸਹੀ ਲੱਗਦਾ ਹੈ ਤਾਂ ਮੈਨੂੰ ਵੋਟ ਦਿਓ ਨਹੀਂ ਤਾਂ ਨਾ ਦੇਣਾ। ਮੈਂ ਹੁਣ ਹੋਰ ਮੱਖਣ ਲਗਾਉਣ ਨੂੰ ਤਿਆਰ ਨਹੀਂ ਹਾਂ। ਤੁਹਾਨੂੰ ਠੀਕ ਲੱਗੇ ਤਾਂ ਠੀਕ, ਨਹੀਂ ਤਾਂ ਕੋਈ ਨਵਾਂ ਆਏਗਾ।
ਗਡਕਰੀ ਨੇ ਕਿਹਾ ਕਿ ਰਾਜਨੀਤੀ ਪੈਸੇ ਕਮਾਉਣ ਦਾ ਧੰਦਾ ਨਹੀਂ ਹੈ। ਸਿਆਸਤ ਦਾ ਮਤਲਬ ਸਮਾਜਿਕ ਕੰਮ ਹੈ। ਨਾਲ ਹੀ ਇਸ ਦਾ ਮਤਲਬ ਰਾਸ਼ਟਰੀ ਸਮੱਸਿਆਵਾਂ ਨੂੰ ਸੁਲਝਾਉਣਾ ਤੇ ਵਿਕਾਸ ਦੇ ਕੰਮ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਦਰਕਿਨਾਰ ਕਰਕੇ ਕੀਤਾ ਜਾਣ ਵਾਲਾ ਵਿਕਾਸ ਜ਼ਿਆਦਾ ਦਿਨਾਂ ਤੱਕ ਟਿਕਣ ਵਾਲਾ ਨਹੀਂ ਹੈ। ਆਧੁਨਿਕ ਦੁਨੀਆ ਵਿਚ ਵਿਕਾਸ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਵਾਤਾਵਰਣ। ਇਸ ਦੌਰਾਨ ਉਨ੍ਹਾਂ ਨੇ ਬਾਂਸ ਦੇ ਪ੍ਰਯੋਗ ਤੇ ਉਸ ਦੇ ਵੱਖ-ਵੱਖ ਤਰ੍ਹਾਂ ਦੇ ਇਸਤੇਮਾਲ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਾਂਸ ਦੀ ਖੇਤੀ ਨਾਲ ਆਰਥਿਕ ਵਿਕਾਸ ਦੇ ਖੇਤਰ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਰਾਹੁਲ ਗਾਂਧੀ ਡਰਾਈਵਿੰਗ ‘ਤੇ ਵੀ ਘਿਰੇ, BJP ਨੇ ਕੀਤੀ ਪੁਲਿਸ ਤੋਂ ਚਾਲਾਨ ਭੇਜਣ ਦੀ ਮੰਗ, ਲੱਗੇ ਇਹ ਦੋਸ਼
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਬਾਂਸ ਦੀ ਖੇਤੀ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ। ਇਹ ਇਕ ਬੇਹਤਰੀਨ ਬਦਲ ਹੋ ਸਕਦਾ ਹੈ। ਇਸ ਵਿਚ ਨਿਵੇਸ਼ ਬਹੁਤ ਘੱਟ ਹੈ ਤੇ ਫਾਇਦਾ ਜਿਆਦਾ ਹੈ। ਇਸ ਦੌਰਾਨ ਉਨ੍ਹਾਂ ਨੇ ਇਥੇਨਾਲ ਦੀ ਅਹਿਮੀਅਤ ‘ਤੇ ਗੱਲ ਕੀਤੀ ਤੇ ਕਿਹਾ ਕਿ ਇਹ ਵੀ ਕਿਸਾਨਾਂ ਲਈ ਕਾਫੀ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਦੇ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਨਾਲ ਈਂਧਣ ‘ਤੇ ਨਿਰਭਰਤਾ ਘੱਟ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: