ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਸ਼ਹੂਰ ਬੰਗਾਬਾਜ਼ਾਰ ‘ਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਅੱਗ ਇੰਨੀ ਜਿਆਦਾ ਭੜਕ ਗਈ ਹੈ ਕਿ ਇਸ ਦੀ ਲਪੇਟ ‘ਚ 6 ਬਾਜ਼ਾਰ ਆਏ ਹਨ, ਜਿਨ੍ਹਾਂ ‘ਚ 2900 ਦੁਕਾਨਾਂ ਹਨ। ਅੱਗ ਲੱਗਣ ਕਾਰਨ ਅੱਠ ਲੋਕ ਵੀ ਜ਼ਖ਼ਮੀ ਹੋ ਗਏ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੀਆਂ 48 ਯੂਨਿਟਾਂ ਲੱਗੀਆਂ ਹੋਈਆਂ ਸਨ।
ਮੀਡੀਆ ਰਿਪੋਰਟ ਮੁਤਾਬਕ ਅੱਗ ਲਗਾਤਾਰ ਵਧਦੀ ਦੇਖ ਵਪਾਰੀਆਂ ਨੇ ਆਪਣਾ ਮਾਲ ਬਚਾਉਣ ਲਈ ਅੱਗ ਵਿੱਚ ਛਾਲ ਮਾਰ ਦਿੱਤੀ। ਲੋਕ ਧੂੰਏਂ ਅਤੇ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੁਕਾਨ ਤੋਂ ਸਾਮਾਨ ਬਾਹਰ ਕੱਢ ਰਹੇ ਸਨ। ਹਾਲਾਂਕਿ ਇਸ ਦੇ ਬਾਵਜੂਦ ਜ਼ਿਆਦਾਤਰ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਇਸ ਇਲਾਕੇ ‘ਚ ਜ਼ਿਆਦਾਤਰ ਦੁਕਾਨਾਂ ਕੱਪੜਿਆਂ ਦੀਆਂ ਹਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਬੇਕਾਬੂ ਹੋ ਗਈ।
ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਨੂੰ ਸਵੇਰੇ 6.10 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ 2 ਮਿੰਟਾਂ ‘ਚ ਮੌਕੇ ‘ਤੇ ਪਹੁੰਚ ਗਈਆਂ ਸਨ। ਅੱਗ ਬੁਝਾਉਣ ਲਈ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਨੂੰ ਵੀ ਲਗਾਇਆ ਗਿਆ। ਇਸ ਭਿਆਨਕ ਅੱਗ ਨੂੰ ਦੇਖਣ ਲਈ ਬੰਗਾਬਾਜ਼ਾਰ ‘ਚ ਲੋਕਾਂ ਦੀ ਭੀੜ ਲੱਗ ਗਈ। ਲੋਕਾਂ ਨੇ ਅੱਗ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਅੱਗ ਬੁਝਾਉਣ ਲਾਇ ਆਏ ਫੌਜ, ਜਲ ਸੈਨਾ ਨੂੰ ਇਸ ’ਤੇ ਕਾਬੂ ਪਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਸਨਸਨੀਖੇਜ਼ ਵਾਰਦਾਤ, ASI ਪਤਨੀ-ਪੁੱਤ ਨੂੰ ਗੋ.ਲੀ ਮਾਰ ਕੇ ਹੋਇਆ ਫ਼ਰਾਰ
DG ਨੇ ਦੱਸਿਆ ਕਿ 6 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਹੁਣ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਪਰ ਇਸ ਭਿਆਨਕ ਅੱਗ ਕਾਰਨ ਕੁਝ ਲੋਕਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਜਾਂਚ ਲਈ 5 ਮੈਂਬਰਾਂ ਦੀ ਟੀਮ ਗਠਿਤ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: