ਪੰਜਾਬ ਦੇ ਖੰਨਾ ਪੁਲਿਸ ਨੇ ਲੁਧਿਆਣਾ ਵਿੱਚ ਅਸਲਾ ਸਮੱਗਲਰ ਕਰਨ ਵਾਲੇ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਹਿ ਹੈ ਕਾਬੂ ਕੀਤਾ ਗਿਆ ਵਿਅਕਤੀ ਲੁਧਿਆਣਾ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਡਲਿਵਰੀ ਕਰਦਾ ਸੀ। ਫੜੇ ਗਏ ਵਿਅਕਤੀ ਦੀ ਪਛਾਣ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਗੰਗਾਨਗਰ, ਰਾਜਸਥਾਨ ਵੱਜੋਂ ਹੋਈ ਹੈ। ਪੁਲਿਸ ਮੁਲਜ਼ਮ ਦੀਪੂ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ।
ਜਾਣਕਾਰੀ ਅਨੁਸਾਰ ਪੁਲਿਸ ਨੇ 25 ਮਾਰਚ ਨੂੰ ਨਾਕਾਬੰਦੀ ਦੌਰਾਨ ਇੱਕ ਫਾਰਚੂਨਰ ਗੱਡੀ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੋਵਾਂ ਨੌਜਵਾਨਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਸਨ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਖੁਰਾਣਾ ਵਾਸੀ ਸ਼ਿਵਪੁਰੀ ਚੌਕ ਅਤੇ ਵਰੁਣ ਸੂਰੀ ਵਾਸੀ ਨਿਊ ਕਰਤਾਰ ਨਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਰੁਣ ਸੂਰੀ ਖਿਲਾਫ ਥਾਣਾ ਸਦਰ ਫਗਵਾੜਾ ਵਿਖੇ ਵੀ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਹੈ। ਅਮਨਦੀਪ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
ਫੜੇ ਗਏ ਮੁਲਜ਼ਮ ਅਮਨਦੀਪ ਸਿੰਘ ਅਤੇ ਵਰੁਣ ਸੂਰੀ ‘ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਦੋਵੇਂ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਦੇ ਰਹਿਣ ਵਾਲੇ ਦੀਪਕ ਕੁਮਾਰ ਦੀਪੂ ਤੋਂ ਹਥਿਆਰ ਲੈ ਕੇ ਆਏ ਸਨ। ਜਿਸ ‘ਤੋਂ ਬਾਅਦ ਪੁਲਿਸ ਨੇ ਦੀਪੂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਅਮਨੀਤ ਕੌਂਡਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਨਾਕਾਬੰਦੀ ਕਰ ਕੇ ਤਲਾਸ਼ੀ ਦੌਰਾਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਸੀ।
ਇਹ ਵੀ ਪੜ੍ਹੋ : ਉੱਤਰੀ ਕਸ਼ਮੀਰ ‘ਚ ਲਸ਼ਕਰ ਦੇ ਦੋ ਅੱਤਵਾਦੀ ਪੁਲਿਸ ਹਿਰਾਸਤ ‘ਚੋਂ ਫਰਾਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਜਾਣਕਾਰੀ ਮੁਤਾਬਕ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਕੁੱਲ 3 ਪਿਸਤੌਲ 32 ਬੋਰ, 44 ਜਿੰਦਾ ਕਾਰਤੂਸ 7.65 ਐਮਐਮ, ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਪੁਲਿਸ ਮੁਲਜ਼ਮ ਦੀਪੂ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਮੁਲਜ਼ਮ ਨੇ ਕਿਸ-ਕਿਸ ਨੂੰ ਹਥਿਆਰ ਸਪਲਾਈ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: