ਬਠਿੰਡਾ ਵਿਚ ਫੌਜੀ ਟਿਕਾਣੇ ‘ਤੇ ਅੱਜ ਸਵੇਰੇ ਹੋਈ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ। ਸੂਬਾ ਪੁਲਿਸ ਨੇ ਇਸ ਨੂੰ ‘ਆਪਸ ਵਿਚ ਹੋਈ ਗੋਲੀਬਾਰੀ’ ਦੀ ਘਟਨਾ ਦੱਸਿਆ ਹੈ। ਫੌਜ ਨੇ ਦੱਸਿਆ ਸੀ ਕਿ ਗੋਲੀਬਾਰੀ ਦੀ ਘਟਨਾ ਸਵੇਰੇ ਲਗਭਗ ਸਾਢੇ ਚਾਰ ਵਜੇ ਹੋਈ ਜਿਸ ਦੇ ਬਾਅਦ ਇਲਾਕਾ ਸੀਲ ਕਰ ਦਿੱਤਾ ਗਿਆ।
ਕੈਂਟ ਥਾਣਾ ਦੇ ਐੱਸਐੱਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਆਰਮੀ ਵੱਲੋਂ ਰਾਈਫਲ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਰਾਈਫਲ 2 ਦਿਨ ਪਹਿਲਾਂ ਗੁੰਮ ਹੋਈ ਸੀ। ਜੋ ਪੂਰੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ FIR ਦਰਜ ਕੀਤੀ ਜਾਵੇਗੀ। ਆਰਮੀ ਏਰੀਆ ਵਿਚ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ।
ਫੌਜ ਦੇ ਦੱਖਣ ਪੱਛਮੀ ਕਮਾਨ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਮੰਦਭਾਗੀ ਘਟਨਾ ਵਿਚ ਫੌਜ ਦੇ ਚਾਰ ਜਵਾਨਾਂ ਦੀ ਜਾਨ ਚਲੀ ਗਈ। ਕਿਸੇ ਹੋਰ ਦੇ ਜ਼ਖਮੀ ਹੋਣ ਜਾਂ ਜਾਇਦਾਦ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀਕੋਈ ਖਬਰ ਨਹੀਂ ਹੈ। ਪੁਲਿਸ ਤੇ ਫੌਜ ਦੀਆਂ ਟੀਮਾਂ ਮਿਲ ਕੇ ਇਸ ਦੀ ਜਾਂਚ ਕਰ ਰਹੀਆਂ ਹਨ। ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਫੌਜ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਤੋਂ ਜਾਂਚ ਕਰਾਂਗੇ। ਇਸ ਵਿਚ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇੰਸਾਸ ਰਾਈਫਲ ਤੇ ਗੋਲੀਆਂ ਗਾਇਬ ਹੋਣ ਦਾ ਐਂਗਲ ਵੀ ਸ਼ਾਮਲ ਹੈ। ਪੁਲਿਸ ਤੇ ਆਰਮੀ ਨੂੰ ਇਸ ਰਾਈਫਲ ਦਾ ਘਟਨਾ ਵਿਚ ਇਸਤੇਮਾਲ ਹੋਣ ਦਾ ਸ਼ੱਕ ਹੈ। ਫਾਇਰਿੰਗ ਦੇ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਲੋਕਾਂ ਦੇ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ‘ਪ੍ਰਾਪਰਟੀ ਵੈਰੀਫਿਕੇਸ਼ਨ ਪੋਰਟਲ’ ਲਾਂਚ, 88 ਸ਼ਹਿਰਾਂ ਦਾ ਪ੍ਰਾਪਰਟੀ ਡਾਟਾ ਹੋਵੇਗਾ ਅਪਲੋਡ
ਫੌਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਨੈਸ਼ਨਲ ਸਕਿਓਰਿਟੀ ਐਡਵਾਇਜਰ ਅਜੀਤ ਡੋਭਾਲ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਨੇ ਵੀ ਬਠਿੰਡਾ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ। ਆਰਮੀ ਕੈਂਟ ਦੇ ਅੰਦਰ ਫੌਜੀਆਂ ਦੇ ਪਰਿਵਾਰ ਵੀ ਰਹਿੰਦੇ ਹਨ। ਘਟਨਾ ਦੇ ਬਾਅਦ ਤੋਂ ਫੌਜ ਨੇ ਸਾਰਿਆਂ ਨੂੰ ਘਰਾਂ ਵਿਚ ਰਹਿਣ ਨੂੰ ਕਿਹਾ ਹੈ। ਕੈਂਟ ਅੰਦਰ ਸਕੂਲ ਬੰਦ ਕਰ ਦਿੱਤੇ ਗਏ ਹਨ।
ਬਠਿੰਡਾ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਵਾਨਾਂ ਦੀ ਆਪਸੀ ਫਾਇਰਿੰਗ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ :