ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਬੱਸ ਸਟੈਂਡ ਤੇ ਖੜੀ PRTC ਬੱਸ ਵਿਚ ਇੱਕ ਲਾਵਾਰਿਸ ਬੈਗ ਮਿਲਿਆ। ਇਸ ਬੈਗ ਵਿੱਚੋਂ 8 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਗੋਲੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬੱਸ ਕੰਡਕਟਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਰਣਜੀਤ ਸਿੰਘ ਵਾਸੀ ਤਾਮਕੋਟ ਨੇ ਦੱਸਿਆ ਕਿ ਉਹ PRTC ਦੀ ਬੱਸ ਨੰਬਰ PB 03A -P 6301 ਵਿਚ ਕੰਡਕਟਰ ਹੈ। ਬੀਤੇ ਦਿਨੀਂ ਜਦੋਂ ਉਹ ਰੂਟ ਤੈਅ ਕਰਨ ਤੋਂ ਬਾਅਦ ਬੱਸ ਲੈ ਕੇ ਬਠਿੰਡਾ ਬੱਸ ਸਟੈਂਡ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਬੱਸ ਦੇ ਅੰਦਰ ਇਕ ਲਾਵਾਰਿਸ ਬੈਗ ਪਿਆ ਸੀ, ਜਦਕਿ ਸਾਰੀਆਂ ਸਵਾਰੀਆਂ ਉੱਥੋਂ ਜਾ ਚੁੱਕੀਆਂ ਸਨ। ਲਾਵਾਰਿਸ ਬੈਗ ਦੇਖ ਕੇ ਉਹ ਕਾਫੀ ਘਬਰਾ ਗਏ ਸਨ।
ਇਹ ਵੀ ਪੜ੍ਹੋ : ਅਬੋਹਰ ‘ਚ ਸਰਹੱਦ ‘ਤੋਂ ਹਥਿਆਰ ਬਰਾਮਦ, BSF ਨੇ ਪਿਸਤੌਲ ਤੇ 7 ਗੋਲੀਆਂ ਕੀਤੀਆਂ ਜ਼ਬਤ
ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਸ-ਪਾਸ ਬੈਗ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਇਸ ‘ਤੋਂ ਬਾਅਦ ਉਨ੍ਹਾਂ ਤੁਰੰਤ ਲਾਵਾਰਿਸ ਬੈਗ ਸਬੰਧੀ ਬੱਸ ਸਟੈਂਡ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ ਗਈ। ਚੌਕੀ ਦੇ SI ਪਰਵਤ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਬੈਗ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚ 8 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਬੈਗ ਦੇ ਮਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: