ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਸ਼ਾਰਪੀ ਘੁੰਮਣ ਦੀ ਗ੍ਰਿਫਤਾਰੀ ‘ਤੇ ਕਰਨ ਔਜਲਾ ਨੇ ਸਫਾਈ ਦਿੱਤੀ ਹੈ। ਜਾਅਲੀ ਪਾਸਪੋਰਟ ਬਣਾ ਕੇ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਵਿਚ ਸ਼ਾਰਪੀ ਘੁੰਮਣ ਦੇ ਨਾਲ-ਨਾਲ ਉਸ ਦੇ ਦੋ ਸਾਥੀਆਂ ਓਂਕਾਰ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਵੀ ਫੜਿਆ ਗਿਆ ਹੈ। ਕਰਨ ਔਜਲਾ ਆਪਣਾ ਨਾਂ ਸ਼ਾਰਪੀ ਦੇ ਨਾਲ ਜੋੜੇ ਜਾਣ ਤੋਂ ਨਾਰਾਜ਼ ਹਨ।
ਸ਼ਾਰਪੀ ਪੰਜਾਬ ਵਿਚ ਸਿੰਗਰਾਂ ਦੇ ਪ੍ਰੋਗਰਾਮ ਆਯੋਜਿਤ ਕਰਵਾਉਂਦਾ ਰਿਹਾ ਹੈ ਜਿਸ ਕਾਰਨ ਉਸ ਦੇ ਸਿਰਫ ਕਰਨ ਔਜਲਾ ਨਾਲ ਹੀ ਨਹੀਂ ਸਗੋਂ ਹੋਰ ਸਿੰਗਰਾਂ ਨਾਲ ਵੀ ਸਬੰਧ ਹਨ। ਕਰਨ ਔਜਲਾ ਨੇ ਆਪਣਾ ਰੁਖ਼ ਸਪੱਸ਼ਟ ਕਰਦੇ ਹੋਏ ਬਿਨਾਂ ਜਾਣਕਾਰੀ ਹਾਸਲ ਕੀਤੇ ਉਸ ਦਾ ਨਾਂ ਕਿਸੇ ਨਾ ਜੋੜਨ ‘ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਦਿੱਤੀ ਹੈ।
ਕਰਨ ਔਜਲਾ ਨੇ ਕਿਹਾ ਕਿ ਮੀਡੀਆ ਦੇ ਮੈਂਬਰ ਤੇ ਭਰਾ-ਭੈਣ ਜੋ ਮੈਨੂੰ ਪਿਆਰ ਕਰਦੇ ਹਨ, ਕੁਝ ਗੱਲਾਂ ਜੋ ਮੈਂ ਜ਼ਰੂਰੀ ਸਮਝਦਾ ਹਾਂ ਇਸ ਸਮੇਂ ਕਰਨੀ ਕਿਉਂਕਿ ਗੱਲਾਂ ਸਮੇਂ ‘ਤੇ ਹੀ ਸਪੱਸ਼ਟ ਕਰ ਦੇਣੀਆਂ ਚਾਹੀਦੀਆ ਹਨ। ਪਹਿਲਾਂ ਜੋ ਵੀਡੀਓ ਆਈ ਉਸ ਬਾਰੇ ਵੀ ਮੈਂ ਸਪੱਸ਼ਟੀਕਰਨ ਦਿੱਤਾ, ਜਿੰਨੀ ਹੋ ਸਕੇ ਤੇ ਕੱਲ੍ਹ ਜੋ ਵੀਡੀਓ ਦੇਖੀ ਹੈ ‘ਕਰਨ ਔਜਲਾ ਦਾ ਫ੍ਰੈਂਡ ਅਰੈਸਟ।’
ਯਾਰ ਮੈਨੂੰ ਇਕ ਗੱਲ ਦੱਸੋ, ਮੀਡੀਆ ਵਾਲੇ ਜੇਕਰ ਮੇਰਾ ਕੋਈ ਦੋਸਤ ਸੀ ਜਾਂ ਹੈ, ਜੋ ਉਸ ਨੇ ਕੀਤਾ ਉਹ ਭਰ ਰਿਹਾ ਹੈ। ਮੇਰੇ ਨਾਂ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਇਨ੍ਹਾਂ ਸਾਰਿਆਂ ਦਾ ਇਕੱਲਾ ਮੈਂ ਹੀ ਦੋਸਤ ਹਾਂ। ਮੇਰੀ ਸ਼ਾਇਦ ਉਸ ਵਿਅਕਤੀ ਨਾਲ ਦੋ ਸਾਲ ਤੋਂ ਗੱਲ ਵੀ ਨਹੀਂ ਹੋਈ।
ਮੈਂ ਇਕੱਲਾ ਨਹੀਂ ਜਿਸ ਦੀ ਫੋਟੋ ਕਿਸੇ ਹੋਰ ਦੇ ਨਾਲ ਹੈ। ਬਹੁਤ ਇੰਡਸਟਰੀ ਦੇ ਬੰਦੇ ਹਨ ਤੇ ਸਾਰਿਆਂ ਦਾ ਇਹੀ ਕਸੂਰ ਹੈ ਕਿ ਉਹ ਪੰਜਾਬ ਲਈ ਕੰਮ ਕਰ ਰਹੇ ਹਨ ਤੇ ਪਰਿਵਾਰ ਦਾ ਪੇਟ ਪਾਲ ਰਹੇ ਹਨ, ਕੰਮ ਕਰਕੇ। 4 ਵਾਰ ਰੰਗਦਾਰੀ ਦਾ ਸ਼ਿਕਾਰ ਹੋਇਆ ਤੇ 5 ਵਾਰ ਘਰ ‘ਤੇ ਫਾਇਰਿੰਗ ਹੋਈ। ਕਦੇ ਕਿਸੇ ਨੇ ਇਸ ਬਾਰੇ ਖਬਰ ਨਹੀਂ ਚਲਾਈ ਕਿ ਇੰਨਾ ਗਲਤ ਹੋ ਰਿਹਾ।
ਇਹ ਵੀ ਪੜ੍ਹੋ : ਰੋਹਤਕ ‘ਚ SBI ਬੈਂਕ ਦੇ ਕੈਸ਼ੀਅਰ ਤੋਂ ਲੁੱਟ, ਲੁਟੇਰਿਆਂ ਨੇ 25 ਹਜ਼ਾਰ ਨਕਦੀ ਤੇ ਸੋਨੇ ਦੀ ਚੇਨ ਖੋਹੀ
ਮੇਰੀ ਮੀਡੀਆ ਵਾਲਿਆਂ ਨੂੰ ਅਪੀਲ ਹੈ ਕਿਅੱਜ ਤੋਂ ਕੋਈ ਬਿਨਾਂ ਜਾਣਕਾਰੀ ਇਕੱਠੇ ਕੀਤੇ ਜਾਂ ਬਿਨਾਂ ਪਰੂਫ ਦੇ ਮੇਰਾ ਨਾਂ ਦਿਖਾ ਕੇ ਨਾਂ ਡੀਫੇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਂ ਸਿੱਧੀ ਕਾਨੂੰਨੀ ਕਾਰਵਾਈ ਕਰਾਂਗਾ। ਮੇਰੀ ਲੀਗਲ ਟੀਮ ਪਹਿਲਾਂ ਤੋਂ ਹੀ ਇਸ ‘ਤੇ ਕੰਮ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: