ਪੰਜਾਬ ਦੇ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲਿਆਂ ਦੀਆਂ ਜੇਲਾਂ ‘ਚ ਸੋਮਵਾਰ ਨੂੰ ਅਚਾਨਕ ਸਾਇਰਨ ਵੱਜਣ ਨਾਲ ਹਫੜਾ-ਦਫੜੀ ਮੱਚ ਗਈ। ਜਿਸ ‘ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਵੀ ਅਲਰਟ ਹੋ ਗਿਆ। ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਇਧਰ-ਉਧਰ ਭੱਜਦੇ ਦੇਖੇ ਗਏ। ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਜਿਵੇਂ ਜੇਲ੍ਹ ਅੰਦਰ ਕੋਈ ਵੱਡੀ ਘਟਨਾ ਵਾਪਰ ਗਈ ਹੋਵੇ, ਹਾਲਾਂਕਿ, ਅਸਲ ਵਿੱਚ ਅਜਿਹਾ ਨਹੀਂ ਸੀ।
ਜੇਲ੍ਹ ਵਿਚ ਕਿਸੇ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਹੁਕਮਾਂ ਅਨੁਸਾਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਅਤੇ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਮੌਕ ਡਰਿੱਲ ਕਰਵਾਈ ਗਈ, ‘ਤਾਂ ਜੋ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਫਿਰੋਜ਼ਪੁਰ ਵਿੱਚ ਗੁਰਨਾਮ ਲਾਲ ਸੁਪਰਡੈਂਟ ਕੇਂਦਰੀ ਜੇਲ੍ਹ ਦੀ ਅਗਵਾਈ ਵਿੱਚ ਅਤੇ ਫਰੀਦਕੋਟ ਮਾਡਰਨ ਜੇਲ੍ਹ ਵਿੱਚ ਜੇਲ੍ਹ ਸੁਪਰਡੈਂਟ ਰਾਜੀਵ ਦੀ ਅਗਵਾਈ ਵਿੱਚ ਮੌਕ ਡਰਿੱਲ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ ਸੁਪਰਡੈਂਟ ਗੁਰਨਾਮ ਲਾਲ ਨੇ ਦੱਸਿਆ ਕਿ ਇਸ ਮੌਕ ਡਰਿੱਲ ਦਾ ਮੁੱਖ ਮੰਤਵ ਕਿਸੇ ਵੀ ਅਣਸੁਖਾਵੀਂ ਘਟਨਾ ਜਿਵੇਂ ਕਿ ਜੇਲ ਬ੍ਰੇਕ, ਦੰਗਾ, ਫਾਇਰ ਐਮਰਜੈਂਸੀ, ਮੈਡੀਕਲ ਐਮਰਜੈਂਸੀ ਆਦਿ ਨੂੰ ਰੋਕਣਾ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਸਥਿਤੀ ਨੂੰ ਸਹੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ। ਜੇਲ੍ਹ ਸੁਰੱਖਿਆ ਕਵਾਇਦ ਵਿੱਚ ਪੁਲਿਸ ਵਿਭਾਗ ਤੋਂ ਇਲਾਵਾ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਦੀ ਫਾਇਰ ਬ੍ਰਿਗੇਡ ਟੀਮ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਨੇ ਵੀ ਸਹਿਯੋਗ ਦਿੱਤਾ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਪੰਜਾਬ ‘ਚ ਇਸ ਮਹੀਨੇ 13,000 ਅਧਿਆਪਕ ਹੋਣਗੇ ਪੱਕੇ
ਇਸ ਸੁਰੱਖਿਆ ਅਭਿਆਸ ਵਿੱਚ ਮਨਜੀਤ ਸਿੰਘ ਐਸ.ਪੀ., ਸੁਰਿੰਦਰਪਾਲ ਬਾਂਸਲ ਡੀ.ਐਸ.ਪੀ.(ਸਿਟੀ), ਕੁਲਵੰਤ ਸਿੰਘ ਡੀ.ਐਸ.ਪੀ.(ਗਰੇਡ-1) (ਜੇਲ੍ਹ ਹੈੱਡਕੁਆਰਟਰ), ਹਰਪ੍ਰੀਤ ਸਿੰਘ ਵਧੀਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਇਲਾਵਾ 150 ਦੇ ਕਰੀਬ ਜੇਲ੍ਹ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਭਾਗ ਲਿਆ ਅਤੇ ਮੌਕ ਡਰਿੱਲ ਸਫਲਤਾਪੂਰਵਕ ਕਰਵਾਈ ਗਈ।
ਵੀਡੀਓ ਲਈ ਕਲਿੱਕ ਕਰੋ -: