ਫਿਰੋਜ਼ਪੁਰ ਵਿਚ ਸੈਂਟਰਲ ਜੇਲ੍ਹ ਅਧਿਕਾਰੀਆਂ ਨੇ ਸਰਚ ਮੁਹਿੰਮ ਦੌਰਾਨ ਜੇਲ੍ਹ ਵਿਚ ਮੋਬਾਈਲ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਨੂੰ ਕਾਬੂ ਕੀਤਾ ਹੈ। ਕੈਦੀਆਂ ਦੀ ਤਲਾਸ਼ੀ ਲੈਣ ‘ਤੇ 4 ਮੋਬਾਈਲ ਤੇ 240 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਪੁਲਿਸ ਨੇ 2 ਕੈਦੀਆਂ ਸਣੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਬਲਾਕ ਨੰਬਰ-3 ਦੀ ਬੈਰਕ ਨੰਬਰ-6 ਵਿਚ ਛਾਪਾ ਮਾਰਿਆ। ਇਥੇ ਬੰਦ ਕੈਦੀ ਰਾਜ ਕੁਮਾਰ ਵਾਸੀ ਘੋੜ ਮੁਹੱਲਾ ਜੀਰਾ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਗੋਲੀਆਂ ਜੇਲ੍ਹ ਦੇ ਹਸਪਤਾਲ ਵਿਚੋਂ ਮੁਲਜ਼ਮ ਨੇ ਚੋਰੀ ਕੀਤੀਆਂ ਸਨ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਆਪਣੇ ਮੁਲਾਜ਼ਮਾਂ ਨਾਲ ਬਲਾਕ ਨੰਬਰ-2 ਦੀ ਬੈਰਕ ਨੰਬਰ-3 ਵਿਚ ਚੈਕਿੰਗ ਕੀਤੀ।
ਇਥੇ ਬੰਦ ਹਵਾਲਾਤੀ ਅਵਿਨਾਸ਼ ਉਰਫ ਕਾਲੂ ਵਾਸੀ ਰੇਲਵੇ ਕੁਆਰਟਰ ਨੰਬਰ-394 ਏ ਬਰਟ ਰੋਡ ਦੀ ਪੈਂਟ ਦੀ ਜੇਲ੍ਹ ਤੋਂ 2 ਮੋਬਾਈਲ ਸਿਮ ਕਾਰਡ ਮਿਲੇ ਹਨ। ਬਲਾਕ ਨੰਬਰ-2 ਦੀ ਤਲਾਸ਼ੀ ਲੈਣ ‘ਤੇ ਰੌਸ਼ਨਦਾਨ ਤੋਂ 2 ਹੋਰ ਮੋਬਾਈਲ ਬਰਾਮਦ ਹੋਏ। ਇਹ ਮੋਬਾਈਲ ਕਿਹੜੇ ਕੈਦੀਆਂ ਦੇ ਹਨ, ਇਸ ਬਾਰੇ ਸੁਰਾਗ ਲਗਾਇਆ ਜਾ ਰਿਹਾ ਹੈ। ਥਾਣਾ ਸਿਟੀ ਪੁਲਿਸ ਨੇ ਮੁਲਜ਼ਮ ਰਾਜ ਕੁਮਾਰ ਤੇ ਅਵਿਨਾਸ਼ ਸਣੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜੇਲ੍ਹ ਵਿਚ ਮਿਲੀ ਸਮੱਗਰੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: