ਪੰਜਾਬ ਦੀ ਤਰਨਤਾਰਨ ਪੁਲਿਸ ਨੇ ਤਸਕਰਾਂ, ਸਨੈਚਰਾਂ ਅਤੇ ਲੁਟੇਰਿਆਂ ਦੇ ਗਿਰੋਹ ਖਿਲਾਫ ‘ਸੱਬ ਫੜੇ ਜਾਣਗੇ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਸ਼ੁਰੂ ਹੋਏ ਇਸ ਆਪ੍ਰੇਸ਼ਨ ‘ਚ ਪੁਲਿਸ ਨੇ 3 ਮਾਡਿਊਲ ਤੋੜਨ ‘ਚ ਸਫਲਤਾ ਹਾਸਲ ਕੀਤੀ। ਜਿਸ ਵਿੱਚ ਪੁਲਿਸ ਨੇ 11 ਮੁਲਜ਼ਮਾਂ ਨੂੰ 5 ਪਿਸਤੌਲ, ਬੁਲੇਟ-ਕੋਇਨ, 2 ਲੱਖ ਰੁਪਏ, 5 ਤੋਲੇ ਸੋਨਾ, 8 ਮੋਟਰਸਾਈਕਲ ਅਤੇ ਚੋਰੀ ਦੇ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ। ਜਦਕਿ 5 ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
SSP ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਮਾਡਿਊਲ ਚੋਹਲਾ ਸਾਹਿਬ ਪੁਲਿਸ ਨੇ ਫੜਿਆ। ਜਿਸ ਵਿੱਚ ਗੋਕੁਲਪੁਰਾ ਵਾਸੀ ਸੰਨੀ ਸ਼ਰਮਾ, ਜਸਵੰਤ ਸਿੰਘ ਮੁਹੱਲਾ ਵਾਸੀ ਰੋਹਿਤ, ਢੋਡਾ ਵਾਸੀ ਸੌਰਵ, ਮੁਹੱਲਾ ਲਾਹੌਰੀਆ ਗੋਇੰਦਵਾਲ ਸਾਹਿਬ ਤਲਵਿੰਦਰ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਨੇ ਪਿਛਲੇ ਦਿਨੀਂ ਕੱਪੜੇ ਦੀ ਦੁਕਾਨ ‘ਤੇ ਕਤਲ, ਪੈਟਰੋਲ ਪੰਪ ਲੁੱਟਣ, ਮੋਟਰਸਾਈਕਲ ਲੁੱਟਣ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 3 ਮੋਬਾਈਲ, ਇੱਕ ਅਪਾਚੀ ਅਤੇ 2 ਸਪਲੈਂਡਰ ਮੋਟਰਸਾਈਕਲ, 1 ਪਿਸਤੌਲ, ਦੋ ਕਿਰਪਾਨਾਂ ਅਤੇ ਇੱਕ ਦਾਤਰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦੇ ਸੌਰਵ ਵਾਸੀ ਢੋਡਾ ਚੌਂਕੀ, ਅਵਤਾਰ ਸਿੰਘ ਵਾਸੀ ਕਿੱਕਰ ਪੀਰ ਤਰਨਤਾਰਨ ਅਤੇ ਅਰਜਨ ਸਿੰਘ ਵਾਸੀ ਗੋਇੰਦਵਾਲ ਸਾਹਿਬ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਹਰੀਕੇ ਥਾਣੇ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 14 ਮਈ ਨੂੰ ਘਰ ‘ਚ ਬੰਦੂਕ ਦੀ ਨੋਕ ‘ਤੇ ਹੋਈ ਲੁੱਟ ਦੀ ਘਟਨਾ ਨੂੰ ਸੁਲਝਾ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨ ਅਤੇ ਘੀਸ਼ੋ ਵਾਸੀ ਭਗਤਾਂਵਾਲਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋ ਕੇ 13 ਲੱਖ ਰੁਪਏ, 695 ਗ੍ਰਾਮ ਸੋਨਾ ਅਤੇ ਇੱਕ ਪਿਸਤੌਲ ਚੋਰੀ ਕਰ ਲਿਆ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ 57 ਗ੍ਰਾਮ ਸੋਨਾ, 2 ਲੱਖ ਰੁਪਏ ਅਤੇ ਇੱਕ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਆਸਾਮ: ਪੁਲਿਸ ਨੇ 10 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਵਿਅਕਤੀ ਕੀਤਾ ਗ੍ਰਿਫਤਾਰ
ਚੋਹਲਾ ਸਾਹਿਬ ਦੀ ਪੁਲਿਸ ਨੇ ਮਨਦੀਪ ਸਿੰਘ ਵਾਸੀ ਚੋਹਲਾ ਸਾਹਿਬ, ਜਗਜੀਤ ਸਿੰਘ ਵਾਸੀ ਪੱਖੋਪੁਰ, ਗੁਰਬਿੰਦਰ ਸਿੰਘ ਵਾਸੀ ਸੰਗਤਪੁਰਾ, ਗੁਰਲੀਨ ਸਿੰਘ ਵਾਸੀ ਮੋਹਨਪੁਰ ਅਤੇ ਮੁਹੱਬਤ ਵਾਸੀ ਚੋਹਲਾ ਸਾਹਿਬ ਨੂੰ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਕੋਲੋਂ 5 ਮੋਟਰਸਾਈਕਲ, ਦੋ ਦੇਸੀ ਪਿਸਤੌਲ, ਇਕ ਬਰੇਟਾ ਪਿਸਤੌਲ, 5 ਮੈਗਜ਼ੀਨ, 12 ਰੌਂਦ ਅਤੇ 12 ਮੋਬਾਈਲ ਬਰਾਮਦ ਕੀਤੇ ਹਨ।
ਚੋਹਲਾ ਸਾਹਿਬ ਦੀ ਪੁਲਿਸ ਵੱਲੋਂ ਬਾਕੀ 5 ਮੁਲਜ਼ਮ ਪ੍ਰਭਦੀਪ ਸਿੰਘ ਵਾਸੀ ਬਰਵਾਲਾ, ਹਰਸ਼ ਵਾਸੀ ਨਵਾਂ ਸ਼ਹਿਰ, ਹਰਸਿਮਰਨ ਵਾਸੀ ਚੋਹਲਾ ਸਾਹਿਬ, ਮਨਪ੍ਰੀਤ ਸਿੰਘ ਵਾਸੀ ਨੌਸ਼ਹਿਰਾ ਪੰਨੂਆ ਅਤੇ ਵਰਿੰਦਰ ਵਾਸੀ ਫਤਿਹਾਬਾਦ ਹਰਿਆਣਾ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: