ਕੋਲੰਬੀਆ ਦੇ ਜੰਗਲਾਂ ‘ਚ ਅਜਿਹਾ ਚਮਤਕਾਰ ਹੋਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇੱਥੇ ਅਮੇਜ਼ਨ ਦੇ ਜੰਗਲਾਂ ‘ਚ ਜਹਾਜ਼ ਹਾਦਸੇ ਦੇ 40 ਦਿਨਾਂ ਬਾਅਦ 4 ਬੱਚੇ ਜ਼ਿੰਦਾ ਮਿਲੇ ਹਨ। ਇਹ ਸਾਰੇ ਭੈਣ-ਭਰਾ ਹਨ। ਫੌਜੀ ਜਵਾਨਾਂ ਨੇ ਬੱਚਿਆਂ ਨੂੰ ਕੋਲੰਬੀਆ ਦੇ ਕਾਕੇਟਾ ਅਤੇ ਗੁਆਵੀਏਰ ਸੂਬਿਆਂ ਦੀ ਸਰਹੱਦ ‘ਤੇ ਲੱਭਿਆ। ਪ੍ਰਧਾਨ ਗੁਸਤਾਵੋ ਪੈਟਰੋ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਉਮਰ 13 ਸਾਲ, 9 ਸਾਲ, 4 ਅਤੇ 1 ਸਾਲ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਫੌਜੀ ਜਵਾਨਾਂ ਨਾਲ ਬੱਚਿਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਦੱਸ ਦੇਈਏ ਕਿ 1 ਮਈ ਨੂੰ 7 ਯਾਤਰੀਆਂ ਵਾਲਾ ਸੇਸਨਾ 206 ਜਹਾਜ਼ ਕੋਲੰਬੀਆ ਦੇ ਹਵਾਈ ਖੇਤਰ ਵਿੱਚ ਕ੍ਰੈਸ਼ ਹੋ ਕੇ ਅਮੇਜ਼ਨ ਦੇ ਜੰਗਲਾਂ ਵਿੱਚ ਡਿੱਗ ਗਿਆ। ਇਸ ਹਾਦਸੇ ‘ਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਮਾਂ ਵੀ ਇਸ ਵਿੱਚ ਸ਼ਾਮਲ ਸੀ। ਉਥੇ ਚਾਰੋਂ ਬੱਚੇ ਲਾਪਤਾ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਲੰਬੀਆ ਦੀ ਸਰਕਾਰ ਅਤੇ ਫੌਜ ਨੇ ਬੱਚਿਆਂ ਨੂੰ ਬਚਾਉਣ ਲਈ ਆਪਰੇਸ਼ਨ ਹੋਪ ਸ਼ੁਰੂ ਕੀਤਾ।
ਮਈ ਵਿੱਚ ਸ਼ੁਰੂ ਹੋਏ ਬਚਾਅ ਕਾਰਜ ਦੌਰਾਨ ਬੱਚਿਆਂ ਦਾ ਸਮਾਨ ਜੰਗਲ ਵਿੱਚੋਂ ਬਰਾਮਦ ਕੀਤਾ ਗਿਆ ਸੀ। ਇਸ ਵਿੱਚ ਕੈਂਚੀ, ਦੁੱਧ ਦੀ ਬੋਤਲ, ਵਾਲ-ਟਾਈ ਅਤੇ ਅਸਥਾਈ ਪਨਾਹ ਸ਼ਾਮਲ ਸੀ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਦੇਖੇ ਗਏ। ਤਲਾਸ਼ੀ ਦੌਰਾਨ ਬੱਚਿਆਂ ਦੀ ਦਾਦੀ ਦੀ ਆਵਾਜ਼ ਵਿੱਚ ਫੌਜੀ ਹੈਲੀਕਾਪਟਰ ਤੋਂ ਰਿਕਾਰਡ ਕੀਤਾ ਸੁਨੇਹਾ ਵੀ ਵਜਾਇਆ ਗਿਆ, ਤਾਂ ਜੋ ਬੱਚੇ ਇੱਕ ਥਾਂ ਰੁਕ ਸਕਣ ਜਾਂ ਕੋਈ ਸੰਕੇਤ ਦੇ ਸਕਣ।
ਇਹ ਵੀ ਪੜ੍ਹੋ : IND Vs AUS ਦਾ WTC ਫਾਈਨਲ ਮੈਚ ਦੇਖਣ ਪਹੁੰਚੇ ਰਾਘਵ-ਪਰਿਣੀਤੀ, ਫੈਨਸ ਨਾਲ ਕਲਿੱਕ ਕੀਤੀਆਂ ਤਸਵੀਰਾਂ
ਅਧਿਕਾਰੀਆਂ ਨੇ ਦੱਸਿਆ- 1 ਮਈ ਨੂੰ ਜਹਾਜ਼ ਅਰਾਰਕਵਾਰਾ ਤੋਂ ਸੈਨ ਜੋਸ ਡੇਲ ਗਵਾਏਅਰ ਜਾ ਰਿਹਾ ਸੀ। ਇਸ ਦੌਰਾਨ ਹਾਦਸਾ ਹੋ ਗਿਆ। ਜਹਾਜ਼ ਦਾ ਮਲਬਾ ਹਾਦਸੇ ਦੇ 16 ਦਿਨ ਬਾਅਦ ਯਾਨੀ 16 ਮਈ ਨੂੰ ਮਿਲਿਆ ਸੀ। ਸਾਨੂੰ ਮਲਬੇ ‘ਚੋਂ ਪਾਇਲਟ ਸਮੇਤ 3 ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਲਾਸ਼ ਰਾਨੋਕ ਮੁਕੁਤੁਏ ਨਾਂ ਦੀ ਔਰਤ ਦੀ ਸੀ। ਉਹ 4 ਬੱਚਿਆਂ ਦੀ ਮਾਂ ਸੀ ਜੋ ਹਾਦਸੇ ਤੋਂ ਬਾਅਦ ਲਾਪਤਾ ਹੋ ਗਈ ਸੀ। ਬਚਾਅ ਅਤੇ ਖੋਜ ਮੁਹਿੰਮ ਲਈ 100 ਤੋਂ ਵੱਧ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਫੌਜੀ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦੇ ਨਾਲ ਬੱਚਿਆਂ ਦੀ ਭਾਲ ਲਈ ਸਨਿਫਰ ਡਾਗ ਦੀ ਵੀ ਮਦਦ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇੰਨੇ ਦਿਨ ਬੱਚੇ ਕਿਵੇਂ ਬਚੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਫਿਲਹਾਲ ਸਾਰੇ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਦਾਦਾ-ਦਾਦੀ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: