ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਹੈ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰੇ ਤੇ ਸੂਬੇ ਦੇ ਲੋਕਾਂ ਨੂੰ ਜਨਤਕ ਮਾਈਨਿੰਗ ਤੇ ਮਾਈਨਿੰਗ ਥਾਵਾਂ ‘ਤੇ 5.50 ਪ੍ਰਤੀ ਕਿਊਬਿਕ ਫੁੱਟ ਦੀਆਂ ਸਸਤੀਆਂ ਦਰਾਂ ‘ਤੇ ਰੇਤ/ਬਜਰੀ ਉਪਲਬਧ ਕਰਾਏ। ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਭਾਗ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਬ੍ਰਾਂਚ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਪੁਲਿਸ ਅਤੇ ਮਾਈਨਿੰਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।
ਇਸ ਤੋਂ ਪਹਿਲਾਂ ਬੀਤੀ ਸ਼ਾਮ ਉਨ੍ਹਾਂ ਕਮਰਸ਼ੀਅਲ ਮਾਈਨਿੰਗ ਸਾਈਟਾਂ ਸਬੰਧੀ ਠੇਕੇਦਾਰਾਂ ਅਤੇ ਕਰੱਸ਼ਰ ਮਾਲਕਾਂ ਨਾਲ ਵੀ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਮੀਤ ਹੇਅਰ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਨਿਗਰਾਨੀ ਲਈ ਮਾਈਨਿੰਗ ਅਤੇ ਪੁਲਿਸ ਵਿਭਾਗ ਦੇ ਫੀਲਡ ਅਫਸਰਾਂ ਦੀ ਸਾਂਝੀ ਕਮੇਟੀ ਬਣਾ ਕੇ ਲਗਾਤਾਰ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ। ਮਾਈਨਿੰਗ ਅਤੇ ਪੁਲਿਸ ਅਧਿਕਾਰੀ ਨਿਯਮਤ ਅੰਤਰਾਲ ‘ਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਆਪਣੀਆਂ ਰਿਪੋਰਟਾਂ ਭੇਜਣਗੇ।
ਮਾਈਨਿੰਗ ਸਾਈਟਾਂ ਵਾਲੇ ਜ਼ਿਲ੍ਹਿਆਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਜਿੱਥੇ ਅੰਤਰਰਾਸ਼ਟਰੀ ਸਰਹੱਦ ਸਥਿਤ ਹੈ। ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ‘ਤੇ ਨਜ਼ਰ ਰੱਖਣ ਲਈ ਮਾਈਨਿੰਗ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੂੰ 50 ਕਰਮਚਾਰੀ ਅਲਾਟ ਕੀਤੇ ਹਨ। ਮਾਈਨਿੰਗ ਮੰਤਰੀ ਨੇ ਅੱਗੇ ਕਿਹਾ ਕਿ 55 ਜਨਤਕ ਮਾਈਨਿੰਗ ਸਾਈਟਾਂ ਦੀ ਸਫਲਤਾਪੂਰਵਕ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਵਿਭਾਗ ਵੱਲੋਂ 5.50 ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਹੁਣ ਵਪਾਰਕ ਮਾਈਨਿੰਗ ਸਾਈਟਾਂ ਨੂੰ ਚਲਾਉਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
40 ਵਪਾਰਕ ਮਾਈਨਿੰਗ ਸਾਈਟਾਂ ਵਿੱਚੋਂ, 19 ਸ਼ੁਰੂ ਹੋਣ ਲਈ ਤਿਆਰ ਹਨ ਅਤੇ ਬਾਕੀ ਜਲਦੀ ਹੀ ਮੁਕੰਮਲ ਹੋ ਜਾਣਗੀਆਂ। ਇਨ੍ਹਾਂ ਨਵੇਂ ਵਪਾਰਕ ਮਾਈਨਿੰਗ ਕਲੱਸਟਰਾਂ ਦੇ ਚਾਲੂ ਹੋਣ ਨਾਲ ਲੋਕ ਆਪਣੇ ਘਰਾਂ ਦੇ ਨੇੜੇ ਦੀਆਂ ਥਾਵਾਂ ਤੋਂ ਰੇਤ/ਬੱਜਰੀ ਪ੍ਰਾਪਤ ਕਰ ਸਕਣਗੇ। ਸਰਕਾਰ ਦਾ ਸੂਬੇ ਵਿੱਚ 100 ਵਪਾਰਕ ਕਲੱਸਟਰ ਸ਼ੁਰੂ ਕਰਨ ਦਾ ਟੀਚਾ ਹੈ। ਇਸ ਸਬੰਧੀ ਬੀਤੀ ਸ਼ਾਮ ਠੇਕੇਦਾਰਾਂ ਨਾਲ ਹੋਈ ਮੀਟਿੰਗ ਦੌਰਾਨ ਮੰਤਰੀ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਰੇਤ ਤੈਅ ਕੀਮਤ ’ਤੇ ਮਿਲਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਅਤੇ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ 3 ਪੈਕਟਾਂ ‘ਚੋਂ ਢਾਈ ਕਿਲੋ ਨਸ਼ੀਲਾ ਪਦਾਰਥ ਬਰਾਮਦ, BSF ਜਵਾਨਾਂ ਨੇ ਕੀਤਾ ਜ਼ਬਤ
ਮੀਟਿੰਗ ਵਿੱਚ ਸਕੱਤਰ ਮਾਈਨਿੰਗ ਅਤੇ ਭੂ-ਵਿਗਿਆਨ ਗੁਰਕੀਰਤ ਕਿਰਪਾਲ ਸਿੰਘ, ਡਾਇਰੈਕਟਰ ਡੀ.ਪੀ.ਐਸ.ਖਰਬੰਦਾ ਅਤੇ ਚੀਫ਼ ਇੰਜੀਨੀਅਰ ਡਰੇਨੇਜ-ਕਮ-ਮਾਈਨਜ਼ ਅਤੇ ਭੂ-ਵਿਗਿਆਨ ਐਨ.ਕੇ. ਜੈਨ, ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ, ਆਈ.ਜੀ.ਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਅਤੇ ਡੀ.ਆਈ.ਜੀ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: