ਅੰਬਾਲਾ ਵਿੱਚ ਕੈਨੇਡਾ ਭੇਜਣ ਦੇ ਨਾਂ ‘ਤੇ ਆਰਮੀ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਤੋਂ 32 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਲਾਕ ਏਜੰਟ ਨੇ ਪ੍ਰਧਾਨ ਦੇ ਪੁੱਤਰ ਨੂੰ ਕੈਨੇਡਾ ਭੇਜਣ ਦੇ ਨਾਲ-ਨਾਲ 2 ਲੱਖ ਰੁਪਏ ਤੱਕ ਦੀ ਨੌਕਰੀ ਦਿਵਾਉਣ ਦਾ ਸੁਪਨਾ ਦਿਖਾਇਆ ਸੀ। ਮੁਲਜ਼ਮਾਂ ਨੇ ਨੌਜਵਾਨਾਂ ਨੂੰ ਬੈਂਕਾਕ ਵਿੱਚ ਫਸਾ ਲਿਆ ਅਤੇ ਉਥੋਂ ਖ਼ੁਦ ਫ਼ਰਾਰ ਹੋ ਗਏ। ਚਾਰੋਂ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਮਾਮਲਾ SP ਦਫਤਰ ਪੁੱਜਣ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਆਰਮੀ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਫੌਜ ਵਿੱਚੋਂ ਸੂਬੇਦਾਰ ਮੇਜਰ ਵਜੋਂ ਸੇਵਾਮੁਕਤ ਹੋਏ ਹਨ। ਉਸ ਦਾ ਲੜਕਾ ਦਿਲਪ੍ਰੀਤ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਿਆ ਹੋਇਆ ਸੀ। ਇੱਥੇ ਉਸ ਦੇ ਲੜਕੇ ਦੀ ਮੁਲਾਕਾਤ ਲੁਧਿਆਣਾ ਦੇ ਪਿੰਡ ਲੰਡਾ ਦੇ ਵਸਨੀਕ ਜਤਿੰਦਰ ਸਿੰਘ ਨਾਲ ਹੋਈ। ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਕੰਮ ਵੀ ਕਰਦਾ ਹੈ ਅਤੇ ਨੌਕਰੀਆਂ ਵੀ ਦਿਵਾਉਂਦਾ ਹੈ।
ਸੇਵਾਮੁਕਤ ਸੂਬੇਦਾਰ ਮੇਜਰ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਲੜਕੇ ਦਾ ਪਾਸਪੋਰਟ ਲੈ ਲਿਆ ਅਤੇ ਕਿਹਾ ਕਿ ਉਹ ਉਸਨੂੰ 15 ਤੋਂ 20 ਲੱਖ ਰੁਪਏ ਵਿੱਚ ਕੈਨੇਡਾ ਭੇਜ ਦੇਵੇਗਾ। ਇਸ ਦੇ ਨਾਲ ਹੀ ਉਸਨੂੰ 2 ਸਾਲ ਲਈ ਵਰਕ ਪਰਮਿਟ ਮਿਲੇਗਾ ਅਤੇ 2 ਲੱਖ ਰੁਪਏ ਤੱਕ ਦੀ ਤਨਖਾਹ ‘ਤੇ ਕੈਨੇਡਾ ‘ਚ ਨੌਕਰੀ ਮਿਲੇਗੀ। ਉਹ ਮੁਲਜ਼ਮਾਂ ਦੀਆਂ ਗੱਲਾਂ ਵਿੱਚ ਫਸ ਗਏ ਅਤੇ ਹੌਲੀ-ਹੌਲੀ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ 32 ਲੱਖ ਰੁਪਏ ਹੜੱਪ ਲਏ। ਮੁਲਜ਼ਮਾਂ ਨੇ ਇਹ ਰਕਮ ਦਲਬੀਰ ਸਿੰਘ, ਗੁਰਦੀਪ ਸਿੰਘ, ਗੁਰਬਚਨ ਸਿੰਘ ਅਤੇ ਜਸਵਿੰਦਰ ਕੌਰ ਦੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਦਿੱਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਦਸੰਬਰ-2021 ਵਿੱਚ ਮੁਲਜ਼ਮ ਨੇ ਉਸ ਦੇ ਲੜਕੇ ਦੀ ਦਿੱਲੀ ਤੋਂ ਕੈਨੇਡਾ ਜਾਣ ਦੀ ਟਿਕਟ ਅਤੇ ਵੀਜ਼ਾ ਵੀ ਦਿਖਾ ਦਿੱਤਾ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਇਸ ਤੋਂ ਬਾਅਦ ਜੁਲਾਈ 2022 ਵਿਚ ਦਲਬੀਰ ਸਿੰਘ ਅਤੇ ਗੁਰਦੀਪ ਸਿੰਘ ਉਸ ਨੂੰ ਗਾਜ਼ੀਆਬਾਦ ਲੈ ਗਏ। ਇੱਥੇ ਉਸ ਨੂੰ ਦੱਸਿਆ ਗਿਆ ਕਿ ਦਿਲਪ੍ਰੀਤ ਭਾਰਤ ਤੋਂ ਸਿੱਧਾ ਕੈਨੇਡਾ ਨਹੀਂ ਜਾ ਸਕਦਾ। ਪਹਿਲਾਂ ਉਸ ਨੂੰ ਬੈਂਕਾਕ ਜਾਣਾ ਪਵੇਗਾ। 11 ਜੁਲਾਈ 2022 ਨੂੰ ਗੁਰਦੀਪ ਸਿੰਘ ਆਪਣੇ ਬੇਟੇ ਦਿਲਪ੍ਰੀਤ ਨਾਲ ਬੈਂਕਾਕ ਚਲਾ ਗਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸੋਲਾਪੁਰ ‘ਚ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 3 ਮਜ਼ਦੂਰਾਂ ਦੀ ਮੌ.ਤ
ਮੇਜਰ ਨੇ ਦੱਸਿਆ ਕਿ ਇੱਥੇ ਮੁਲਜ਼ਮਾਂ ਨੇ ਮੇਰੇ ਬੇਟੇ ਤੋਂ 2500 ਡਾਲਰ (1.50 ਲੱਖ ਰੁਪਏ) ਲਏ। ਮੁਲਜ਼ਮਾਂ ਨੇ ਇੱਕ ਹਫ਼ਤੇ ਤੱਕ ਉਸ ਦੇ ਲੜਕੇ ਨੂੰ ਉੱਥੇ ਘੁਆਇਆ ਅਤੇ ਇਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਉੱਥੇ ਛੱਡ ਕੇ ਭਾਰਤ ਭੱਜ ਗਏ। ਇਸ ਮਗਰੋਂ ਉਸਦਾ ਪੁੱਤਰ ਬੈਂਕਾਕ ਚੋਂ ਭਟਕਦਾ ਰਿਹਾ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਪੁੱਤਰ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਬੇਟੇ ਦਾ ਪਾਸਪੋਰਟ ਬੈਂਕਾਕ ਭੇਜ ਕੇ ਰੱਦ ਕਰਾ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਕਿਹਾ ਸੀ ਕਿ ਜੇਕਰ ਉਸ ਨੇ ਉਸ ਦੇ ਲੜਕੇ ਨੂੰ ਕੈਨੇਡਾ ਨਾ ਭੇਜਿਆ ਤਾਂ ਉਹ 4 ਫੀਸਦੀ ਦੇ ਹਿਸਾਬ ਨਾਲ ਪੈਸੇ ਵਾਪਸ ਕਰ ਦੇਵੇਗਾ ਪਰ ਮੁਲਜ਼ਮਾਂ ਨੇ ਨਾ ਤਾਂ ਇਹ ਰਕਮ ਵਾਪਸ ਕੀਤੀ ਅਤੇ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ। ਸੂਬੇਦਾਰ ਮੇਜਰ ਨੇ ਦੱਸਿਆ ਕਿ ਉਸ ਨੇ ਇਹ ਰਕਮ ਵਿਆਜ ’ਤੇ ਲੈ ਕੇ ਮੁਲਜ਼ਮਾਂ ਨੂੰ ਦਿੱਤੇ ਸਨ। ਹੁਣ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀ ਧਾਰਾ 406/420 ਅਤੇ 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: