ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਪੁਰਸ਼ ਅਤੇ ਮਹਿਲਾ ਕ੍ਰਿਕਟ ‘ਚ ਫਰਕ ਨੂੰ ਖਤਮ ਕਰਨ ਲਈ ਇਤਿਹਾਸਕ ਫੈਸਲਾ ਲਿਆ ਹੈ। ਹੁਣ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਨੂੰ ICC ਈਵੈਂਟ ਵਿੱਚ ਬਰਾਬਰ ਇਨਾਮੀ ਰਾਸ਼ੀ ਮਿਲੇਗੀ। ਦੱਖਣੀ ਅਫਰੀਕਾ ਦੇ ਡਰਬਨ ਵਿੱਚ ਆਯੋਜਿਤ ਆਈਸੀਸੀ ਦੀ ਸਾਲਾਨਾ ਕਾਨਫਰੰਸ ਦੌਰਾਨ ਇਹ ਫੈਸਲਾ ਲਿਆ ਗਿਆ, ਜੋ ਕਿ 2030 ਤੱਕ ਇਨਾਮੀ ਰਾਸ਼ੀ ਦੀ ਬਰਾਬਰੀ ਹਾਸਲ ਕਰਨ ਲਈ ਆਈਸੀਸੀ ਦੇ ਯਤਨਾਂ ਵਿੱਚ ਇੱਕ ਮੀਲ ਪੱਥਰ ਹੈ।
ਇਸ ਫੈਸਲੇ ਤੋਂ ਬਾਅਦ ਪੁਰਸ਼ਾਂ ਦੀ ਟੀਮ ਨੂੰ ਮਹਿਲਾ ਵਿਸ਼ਵ ਕੱਪ ਜਾਂ ਆਈਸੀਸੀ ਈਵੈਂਟ ਦਾ ਕੋਈ ਵੀ ਮੈਚ ਜਿੱਤਣ ਤੋਂ ਬਾਅਦ ਜੋ ਇਨਾਮੀ ਰਾਸ਼ੀ ਮਿਲਦੀ ਹੈ, ਹੁਣ ਉਹ ਮਹਿਲਾ ਕ੍ਰਿਕਟ ਟੀਮ ਨੂੰ ਵੀ ਮਿਲੇਗੀ।
ਆਈਸੀਸੀ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੇ ਕਿਹਾ, “ਖੇਡ ਦੇ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਪਲ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਆਈਸੀਸੀ ਦੇ ਗਲੋਬਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਹੁਣ ਬਰਾਬਰ ਇਨਾਮੀ ਰਾਸ਼ੀ ਮਿਲੇਗੀ।” ਅਸੀਂ ਪੁਰਸ਼ਾਂ ਅਤੇ ਮਹਿਲਾ ਕ੍ਰਿਕਟ ਟੀਮ ਨੂੰ ਬਰਾਬਰ ਇਨਾਮੀ ਰਾਸ਼ੀ ਦੇਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ 2017 ਤੋਂ ਹੀ ਮਹਿਲਾ ਕ੍ਰਿਕਟ ਵਿੱਚ ICC ਈਵੈਂਟਸ ਦੀ ਇਨਾਮੀ ਰਾਸ਼ੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ।
ਹੁਣ ਮਹਿਲਾ ਟੀ-20 ਅਤੇ ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਵੀ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲੇਗੀ। ਇਹੀ ਗੱਲ ਅੰਡਰ-19 ਵਿਸ਼ਵ ਕੱਪ ‘ਤੇ ਵੀ ਲਾਗੂ ਹੋਵੇਗੀ। 2020 ਅਤੇ 2023 ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ 1 ਮਿਲੀਅਨ ਡਾਲਰ ਅਤੇ 5 ਲੱਖ ਡਾਲਰ ਮਿਲੇ, ਜੋ ਕਿ 2018 ਦੀ ਇਨਾਮੀ ਰਾਸ਼ੀ ਦਾ 5 ਗੁਣਾ ਸੀ। ਇਸ ਤੋਂ ਇਲਾਵਾ 2022 ਮਹਿਲਾ ਵਨਡੇ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਵੀ 2017 ‘ਚ ਇੰਗਲੈਂਡ ‘ਚ ਵਿਸ਼ਵ ਕੱਪ ਜਿੱਤਣ ‘ਤੇ 2 ਮਿਲੀਅਨ ਡਾਲਰ ਤੋਂ ਵਧਾ ਕੇ 3.5 ਮਿਲੀਅਨ ਡਾਲਰ ਕਰ ਦਿੱਤੀ ਗਈ ਹੈ।
BCCI ਦੇ ਸਕੱਤਰ ਜੈ ਸ਼ਾਹ ਨੇ ਵੀ ICC ਦੇ ਇਸ ਇਤਿਹਾਸਕ ਫੈਸਲੇ ‘ਤੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਸ਼ਾਹ ਨੇ ਕਿਹਾ, ”ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਪੁਰਸ਼ ਅਤੇ ਮਹਿਲਾ ਟੀਮਾਂ ਵਿਚਾਲੇ ਭੇਦਭਾਵ ਮਿਟ ਗਿਆ ਹੈ। ਆਈਸੀਸੀ ਟੂਰਨਾਮੈਂਟਾਂ (ਟੀ-20 ਅਤੇ ਵਨਡੇ ਵਿਸ਼ਵ ਕੱਪ) ਵਿੱਚ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਬਰਾਬਰ ਇਨਾਮੀ ਰਾਸ਼ੀ ਮਿਲੇਗੀ। ਦੋਵੇਂ ਟੀਮਾਂ ਹੁਣ ਇਕੱਠੇ ਅੱਗੇ ਵਧਣਗੀਆਂ। ਮੈਂ ਇਸ ਫੈਸਲੇ ਲਈ ਬੋਰਡ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।”
ਇਹ ਵੀ ਪੜ੍ਹੋ : ਟਮਾਟਰਾਂ ਨੇ ਬੰਦੇ ਦੀ ਹੱਸਦੀ-ਖੇਡਦੀ ਜ਼ਿੰਦਗੀ ‘ਚ ਪਾਇਆ ‘ਭੜਥੂ’, ਘਰੋਂ ਤੁਰ ਗਈ ਪਤਨੀ, ਜਾਣੋ ਮਾਮਲਾ
ਦੱਸ ਦੇਈਏ ਕਿ ਆਈਸੀਸੀ ਦੇ ਇਸ ਇਤਿਹਾਸਕ ਫੈਸਲੇ ਤੋਂ ਪਹਿਲਾਂ ਪੁਰਸ਼ ਅਤੇ ਮਹਿਲਾ ਵਨਡੇ ਅਤੇ ਟੀ-20 ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਵਿੱਚ ਵੱਡਾ ਅੰਤਰ ਸੀ। 2019 ਵਿੱਚ ਪੁਰਸ਼ ਵਨਡੇ ਵਿਸ਼ਵ ਕੱਪ ਜਿੱਤਣ ਲਈ, ਇੰਗਲੈਂਡ ਨੂੰ ਇਨਾਮੀ ਰਾਸ਼ੀ ਵਜੋਂ 28 ਕਰੋੜ ਰੁਪਏ ਮਿਲੇ ਹਨ। ਇਸ ਦੇ ਨਾਲ ਹੀ ਉਪ ਜੇਤੂ ਨਿਊਜ਼ੀਲੈਂਡ ਨੂੰ ਵੀ 14 ਕਰੋੜ ਰੁਪਏ ਦੀ ਰਾਸ਼ੀ ਮਿਲੀ।
ਦੂਜੇ ਪਾਸੇ ਮਹਿਲਾ ਵਨਡੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ 2022 ‘ਚ ਚੈਂਪੀਅਨ ਬਣੀ ਆਸਟ੍ਰੇਲੀਆਈ ਟੀਮ ਨੂੰ ਇਨਾਮੀ ਰਾਸ਼ੀ ਦੇ ਤੌਰ ‘ਤੇ ਕਰੀਬ 10 ਕਰੋੜ ਰੁਪਏ ਮਿਲੇ ਹਨ, ਜਦਕਿ ਉਪ ਜੇਤੂ ਟੀਮ ਨੂੰ 4.5 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਵਨਡੇ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ‘ਚ ਹੀ ਮਹਿਲਾ ਅਤੇ ਪੁਰਸ਼ ਟੀਮ ਵਿਚਾਲੇ 3 ਗੁਣਾ ਦਾ ਫਰਕ ਸੀ।
ਵੀਡੀਓ ਲਈ ਕਲਿੱਕ ਕਰੋ -: